ਇਜ਼ਰਾਈਲ ਚੋਣਾਂ : ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ, ਤੀਜੀ ਵਾਰ ਚੋਣਾਂ ਦੇ ਆਸਾਰ

09/20/2019 10:50:01 AM

ਯੇਰੂਸ਼ਲਮ (ਬਿਊਰੋ)— ਇਜ਼ਰਾਈਲ ਵਿਚ 17 ਸਤੰਬਰ ਨੂੰ ਹੋਈਆਂ ਪ੍ਰਧਾਨ ਮੰਤਰੀ ਅਹੁਦੇ ਲਈ ਚੋਣਾਂ ਦਾ ਨਤੀਜਾ ਸਾਫ ਨਹੀਂ ਆਇਆ ਹੈ। ਇਕ ਵਾਰ ਫਿਰ ਹਾਲਾਤ ਅਜਿਹੇ ਬਣੇ ਹਨ ਕਿ ਕੋਈ ਵੀ ਪਾਰਟੀ ਆਪਣੇ ਦਮ 'ਤੇ ਸਰਕਾਰ ਬਣਾਉਣ ਦੇ ਹਾਲਾਤ ਵਿਚ ਨਹੀਂ ਹੈ। ਮੌਜੂਦਾ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ (69) ਦੀ ਲਿਕੁਲ ਪਾਰਡੀ ਨੂੰ 31 ਸੀਟਾਂ, ਵਿਰੋਧੀ ਪਾਰਟੀ ਦੇ ਨੇਤਾ ਬੈਨੀ ਗੈਂਟਜ਼ ਦੀ ਪਾਰਟੀ ਨੂੰ 33 ਸੀਟਾਂ ਮਿਲੀਆਂ ਹਨ। ਅਜਿਹੇ ਵਿਚ ਜੇਕਰ ਜਲਦੀ ਹੀ ਸਰਕਾਰ ਦਾ ਗਠਨ ਨਹੀਂ ਹੁੰਦਾ ਹੈ ਤਾਂ ਰਾਸ਼ਟਰਪਤੀ ਵੱਲੋਂ ਇਕ ਵਾਰ ਫਿਰ ਚੋਣਾਂ ਦਾ ਆਦੇਸ਼ ਦਿੱਤਾ ਜਾਵੇਗਾ ਮਤਲਬ ਇਜ਼ਰਾਈਲ ਵਿਚ ਇਕ ਸਾਲ ਵਿਚ ਤੀਜੀ ਵਾਰ ਆਮ ਚੋਣਾਂ ਹੋ ਸਕਦੀਆਂ ਹਨ।

ਅਸਲ ਵਿਚ ਵੀਰਵਾਰ ਤੱਕ ਇਜ਼ਰਾਈਲ ਚੋਣਾਂ ਨੂੰ ਲੈ ਕੇ ਜਿਹੜੀ ਸਥਿਤੀ ਸਾਫ ਹੋਈ ਹੈ ਉਸ ਦੇ ਮੁਤਾਬਕ 60 ਸਾਲਾ ਬੈਨੀ ਗੈਂਟਜ਼ ਦੀ ਬਲੂ ਐਂਡ ਵ੍ਹਾਈਟ 33 ਸੀਟਾਂ, ਬੇਂਜਾਮਿਨ ਨੇਤਨਯਾਹੂ ਦੀ ਲਿਕੁਡ ਪਾਰਟੀ 31 ਸੀਟਾਂ 'ਤੇ ਹੈ। ਇਜ਼ਰਾਈਲ ਵਿਚ 120 ਸੀਟਾਂ ਵਾਲੀ ਸੰਸਦ ਵਿਚ ਸਰਕਾਰ ਬਣਾਉਣ ਲਈ 61 ਦਾ ਅੰਕੜਾ ਚਾਹੀਦਾ ਹੈ ਪਰ ਦੋਵੇਂ ਪਾਰਟੀਆਂ ਆਪਣੇ ਗਠਜੋੜਾਂ ਦੇ ਨਾਲ ਵੀ 50 ਦੇ ਅੰਕੜੇ ਤੱਕ ਹੀ ਪਹੁੰਚ ਸਕਦੀਆਂ ਹਨ। ਇਨ੍ਹਾਂ ਦੇ ਇਲਾਵਾ ਕੁਝ ਛੋਟੀਆਂ ਪਾਰਟੀਆਂ ਹਨ ਜਿਨ੍ਹਾਂ ਕੋਲ ਅਜਿਹੇ ਨੰਬਰ ਹਨ ਜੋ ਸਰਕਾਰ ਬਣਾਉਣ ਵਿਚ ਕਿੰਗਮੇਕਰ ਹੋ ਸਕਦੀਆਂ ਹਨ। 

ਇਨ੍ਹਾਂ ਵਿਚੋਂ ਇਕ ਐਵਿਗਡੋਰ ਲਿਬਰਮੈਨ ਦੀ ਪਾਰਟੀ ਕੋਲ ਹਾਲੇ 8 ਸੀਟਾਂ ਹਨ ਜੋ ਸਰਕਾਰ ਦਾ ਰੁੱਖ਼ ਤੈਰ ਕਰ ਸਕਦੀਆਂ ਹਨ। ਭਾਵੇਂਕਿ ਨੇਤਨਯਾਹੂ ਅਤੇ ਗੈਂਟਜ਼ ਦੋਹਾਂ ਦਾ ਕਹਿਣਾ ਹੈ ਕਿ ਯੂਨਿਟੀ ਸਰਕਾਰ ਬਣਾਉਣ ਲਈ ਤਿਆਰ ਹਨ ਪਰ ਇੱਥੇ ਪ੍ਰਧਾਨ ਮੰਤਰੀ ਅਹੁਦੇ ਲਈ ਖਿੱਚੋਤਾਨ ਹੋ ਸਕਦੀ ਹੈ। ਗੈਂਟਜ਼ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਅਗਲੇ ਪ੍ਰਧਾਨ ਮੰਤਰੀ ਉਹੀ ਹੋਣਗੇ ਜਿਸ 'ਤੇ ਨੇਤਨਯਾਹੂ ਦੀ ਪਾਰਟੀ ਰਾਜ਼ੀ ਨਹੀਂ ਹੈ। 

ਹਾਲੇ ਦੇ ਹਾਲਾਤ 'ਤੇ ਰਾਸ਼ਟਰਪਤੀ ਰਿਵਲਿਨ ਦਾ ਕਹਿਣਾ ਹੈ ਕਿ ਉਹ ਐਤਵਾਰ ਤੋਂ ਸਰਕਾਰ ਬਣਾਉਣ ਦੀ ਪ੍ਰਕਿਰਿਆ 'ਤੇ ਕੰਮ ਕਰਨਗੇ। ਪਹਿਲਾਂ ਦੋਹਾਂ ਪਾਰਟੀਆਂ ਨੂੰ ਸਰਕਾਰ ਬਣਾਉਣ ਲਈ ਸੱਦਾ ਦਿੱਤਾ ਜਾਵੇਗਾ ਅਤੇ ਅੰਕੜੇ ਮੰਗੇ ਜਾਣਗੇ। ਰਾਸ਼ਟਰਪਤੀ ਦਫਤਰ ਮੁਤਾਬਕ ਸਰਕਾਰ ਬਣਾਉਣ ਲਈ 42 ਦਿਨਾਂ ਦਾ ਸਮਾਂ ਮਿਲੇਗਾ, ਇਸ ਦੇ ਇਲਾਵਾ ਵੀ 28 ਦਿਨਾਂ ਦਾ ਵਾਧੂ ਸਮਾਂ ਮਿਲ ਸਕਦਾ ਹੈ। ਜੇਕਰ ਇਹ ਤਰੀਕਾ ਸਫਲ ਨਹੀਂ ਹੁੰਦਾ ਹੈ ਤਾਂ ਰਾਸ਼ਟਰਪਤੀ ਵਲੋਂ ਇਕ ਵਾਰ ਫਿਰ ਚੋਣਾਂ ਦਾ ਐਲਾਨ ਕੀਤਾ ਜਾ ਸਕਦਾ ਹੈ। ਭਾਵੇਂਕਿ ਸਾਰੇ ਰਾਜਨੀਤਕ ਦਲਾਂ ਅਤੇ ਖੁਦ ਰਾਸ਼ਟਰਪਤੀ ਦਾ ਮੰਨਣਾ ਹੈ ਕਿ ਦੇਸ਼ ਨੂੰ ਇਕ ਹੀ ਸਾਲ ਵਿਚ ਤੀਜੀ ਵਾਰ ਚੋਣਾਂ ਵਿਚ ਨਹੀਂ ਜਾਣਾ ਚਾਹੀਦਾ ਇਸ ਲਈ ਸਰਕਾਰ ਬਣਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ।

Vandana

This news is Content Editor Vandana