ਇਜ਼ਰਾਈਲ : ਸਮੁੰਦਰ ਤੱਟ ''ਤੇ ਲੱਖਾਂ ਜੈਲੀਫਿਸ਼ ਹੋਈਆਂ ਇਕੱਠੀਆਂ, ਚਿਤਾਵਨੀ ਜਾਰੀ

07/07/2019 11:20:58 AM

ਯੇਰੂਸ਼ਲਮ (ਬਿਊਰੋ)— ਇਜ਼ਰਾਈਲ ਦੇ ਸਮੁੰਦਰੀ ਤੱਟ 'ਤੇ ਲੱਖਾਂ ਜੈਲੀਫਿਸ਼ ਇਕੱਠੀਆਂ ਹੋ ਚੁੱਕੀਆਂ ਹਨ। ਇਸ ਕਾਰਨ ਇੱਥੇ ਟੂਰਿਜ਼ਮ ਵਿਭਾਗ ਨੂੰ ਕਾਫੀ ਨੁਕਸਾਨ ਹੋਣ ਦੀ ਸੰਭਾਵਨਾ ਹੈ। ਇੱਥੇ ਪਹੁੰਚੇ ਸੈਲਾਨੀਆਂ ਨੂੰ ਕਾਫੀ ਮੁਸ਼ਕਲਾਂ ਹੋ ਰਹੀਆਂ ਹਨ। ਸੁਰੱਖਿਆ ਕਰਮੀਆਂ ਨੇ ਤੈਰਾਕਾਂ ਨੂੰ ਸਾਵਧਾਨੀ ਵਰਤਣ ਅਤੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਲਈ ਕਿਹਾ ਹੈ। ਜਾਣਕਾਰੀ ਮੁਤਾਬਕ ਇਹ ਸਮੱਸਿਆ ਸਿਰਫ ਇਜ਼ਰਾਈਲ ਤੱਟ ਤੱਕ ਹੀ ਸੀਮਤ ਨਹੀਂ ਸਗੋਂ ਦੁਨੀਆ ਭਰ ਵਿਚ ਇਸ ਦੀ ਗਿਣਤੀ ਵਿਚ ਬੇਮਿਸਾਲ ਵਾਧਾ ਹੋਇਆ ਹੈ। 

ਇਕ ਰਿਪੋਰਟ ਮੁਤਾਬਕ ਹਰੇਕ ਸਾਲ ਦੁਨੀਆ ਭਰ ਵਿਚ ਕਰੀਬ 15 ਕਰੋੜ ਸੈਲਾਨੀ ਜੈਲੀਫਿਸ਼ ਦੇ ਡੰਗ ਨਾਲ ਪੀੜਤ ਹੋ ਜਾਂਦੇ ਹਨ। ਫੌਸਿਲ ਦੇ ਅਧਿਐਨ ਤੋਂ ਪਤਾ ਚੱਲਿਆ ਕਿ ਜੈਲੀਫਿਸ਼ ਲੱਗਭਗ 50 ਕਰੋੜ ਸਾਲ ਪੁਰਾਣੀ ਜੀਵ ਹੈ। ਇਹ ਸਮੁੰਦਰ ਅਤੇ ਨਦੀਆਂ ਵਿਚ ਪਾਈ ਜਾਂਦੀ ਹੈ। ਆਮਤੌਰ 'ਤੇ ਜ਼ਿਆਦਾਤਰ ਜੈਲੀਫਿਸ਼ ਇਨਸਾਨਾਂ ਲਈ ਨੁਕਸਾਨਦਾਇਕ ਹੁੰਦੀਆਂ ਹਨ। ਇਸ ਦੇ ਡੰਗ ਨਾਲ ਇਨਸਾਨੀ ਸੈੱਲਾਂ ਨੂੰ ਨੁਕਸਾਨ ਹੁੰਦਾ ਹੈ। 

ਹਵਾਈ ਯੂਨੀਵਰਸਿਟੀ ਦੇ ਜੀਵ ਵਿਗਿਆਨੀ ਏਂਜੇਲ ਯਾਨਾਗਿਹਾਰਾ ਨੇ ਕਿਹਾ,''ਸ਼ਾਰਕ ਦੇ ਹਮਲੇ ਦੇ ਮੁਕਾਬਲੇ ਜੈਲੀਫਿਸ਼ ਦੇ ਡੰਗ ਨਾਲ ਜ਼ਿਆਦਾ ਲੋਕਾਂ ਦੀ ਮੌਤ ਹੁੰਦੀ ਹੈ। ਰਿਸਰਚ ਮੁਤਾਬਕ ਫਿਲੀਪੀਂਸ ਵਿਚ ਜੈਲੀਫਿਸ਼ ਦੇ ਡੰਗ ਨਾਲ ਹਰੇਕ ਸਾਲ 100-150 ਲੋਕਾਂ ਦੀ ਮੌਤ ਹੁੰਦੀ ਹੈ।'' ਜੈਲੀਫਿਸ਼ ਨਾਲ ਦੁਨੀਆ ਭਰ ਵਿਚ ਮੱਛੀ ਉਦਯੋਗ ਨੂੰ ਨੁਕਸਾਨ ਹੁੰਦਾ ਹੈ। ਇਸ ਕਾਰਨ ਸਵੀਡਨ ਅਤੇ ਸਕਾਟਲੈਂਡ ਸਮੇਤ ਕਈ ਦੇਸ਼ਾਂ ਦੇ ਬਿਜਲੀ ਪਲਾਂਟਾਂ ਨੂੰ ਅਸਥਾਈ ਤੌਰ 'ਤੇ ਬੰਦ ਕਰਨ ਪੈਂਦਾ ਹੈ। ਆਸਟ੍ਰੇਲੀਆ ਵਿਚ 2018-19 ਦੇ ਗਰਮੀ ਦੇ ਮੌਸਮ ਦੌਰਾਨ ਜੈਲੀਫਿਸ਼ ਕਾਰਨ 18 ਸਮੁੰਦਰੀ ਤੱਟਾਂ ਨੂੰ ਬੰਦ ਕਰ ਦਿੱਤਾ ਗਿਆ ਸੀ।

Vandana

This news is Content Editor Vandana