ਹੁਣ ਮਨੁੱਖ ਦੇ ਸਰੀਰ ’ਚ ਧੜਕੇਗਾ 3ਡੀ ਪ੍ਰਿੰਟਿਡ ਹਾਰਟ

04/19/2019 9:17:20 AM

ਯੇਰੂਸ਼ਲਮ (ਏਜੰਸੀ)— ਵਿਗਿਆਨੀ ਹਰ ਲੰਘਦੇ ਦਿਨਾਂ ਦੇ ਨਾਲ-ਨਾਲ ਨਵੀਆਂ-ਨਵੀਆਂ ਖੋਜਾਂ ਨੂੰ ਅੰਜਾਮ ਦਿੰਦੇ ਰਹਿੰਦੇ ਹਨ। ਇਸੇ ਕੜੀ ’ਚ ਉਨ੍ਹਾਂ ਨੇ ਇਕ ਅਜਿਹੀ ਸਫਲਤਾ ਹਾਸਲ ਕੀਤੀ ਹੈ, ਜਿਸ ਦੀ ਕਲਪਨਾ ਕਰਨਾ ਬਹੁਤ ਮੁਸ਼ਕਲ ਹੈ। ਹੁਣ ਵਿਗਿਆਨੀਆਂ ਨੇ ਇਕ ਮਰੀਜ਼ ਦੀਆਂ ਕੋਸ਼ਿਕਾਵਾਂ ਅਤੇ ਜੈਵਿਕ ਪਦਾਰਥਾਂ ਦੀ ਵਰਤੋਂ ਕਰ ਕੇ ਪਹਿਲੇ 3ਡੀ ਪ੍ਰਿੰਟਿਡ ਦਿਲ ਦਾ ਪ੍ਰੋਟੋਟਾਈਪ ਬਣਾਉਣ ਦਾ ਦਾਅਵਾ ਕੀਤਾ ਹੈ, ਜਿਸ ਦਾ ਆਕਾਰ ਖਰਗੋਸ਼ ਦੇ ਦਿਲ ਜਿੰਨਾ ਹੈ।

ਦੁਨੀਆ ਦਾ ਪਹਿਲਾ 3ਡੀ ਪ੍ਰਿੰਟਿਡ ਵਸਕੁਲਰਿਜਡ ਇੰਜੀਨੀਅਰਡ ਹਾਰਟ 
ਇਕ ਖੋਜਕਾਰ ਨੇ ਕਿਹਾ ਕਿ ਪਹਿਲੀ ਵਾਰ ਕਿਸੇ ਨੇ ਕੋਸ਼ਿਕਾਵਾਂ, ਨਸ, ਚੈਂਬਰ ਅਤੇ ਵੇਂਟ੍ਰਿਕਲਸ ਨਾਲ ਪੂਰੇ ਦਿਲ ਨੂੰ 3ਡੀ ਪ੍ਰਿੰਟ ਕਰ ਕੇ ਬਣਾਇਆ ਹੈ। ਇਸਰਾਈਲ ਦੀ ਤੇਲ ਅਵੀਵ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਕਿਹਾ ਕਿ ਉਨ੍ਹਾਂ ਦੁਨੀਆ ਦਾ ਪਹਿਲਾ 3ਡੀ ਪ੍ਰਿੰਟਿਡ ਵਸਕੁਲਰਿਜਡ ਇੰਜੀਨੀਅਰਡ ਹਾਰਟ ਦਾ ਨਿਰਮਾਣ ਕੀਤਾ ਹੈ।

ਅਜਿਹਾ ਪਹਿਲਾਂ ਕਦੇ ਨਹੀਂ ਹੋਇਆ
ਮੈਟਰੋ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਲੋਕਾਂ ਨੇ 3ਡੀ ਪ੍ਰਿੰਟ ਵਾਲਾ ਦਿਲ ਬਣਾਉਣ ’ਚ ਸਫਲਤਾ ਹਾਸਲ ਕੀਤੀ ਗਈ ਹੈ ਪਰ ਮਨੁੱਖ ਦੀਆਂ ਕੋਸ਼ਿਕਾਵਾਂ ਅਤੇ ਖੂਨ ਦੇ ਸੈਂਪਲ ਦਾ ਇਸਤੇਮਾਲ ਕਰਦੇ ਹੋਏ ਅਜਿਹਾ ਪਹਿਲਾਂ ਕਦੇ ਨਹੀਂ ਹੋਇਆ। ਇਹ ਇਤਿਹਾਸ ’ਚ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਟੀਮ ਨੇ ਕੋਸ਼ਿਕਾਵਾਂ, ਖੂਨ ਦੀਆਂ ਨਾੜਾਂ ਅਤੇ ਵੇਂਟ੍ਰਿਕਲ ਨਾਲ ਸਫਲਤਾਪੂਰਵਕ ਇਸ ਕਾਰਜ ਨੂੰ ਅੰਜਾਮ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਇਸ 3ਡੀ ਦਿਲ ਦੀ ਫੋਟੋ ਇਸ ਸਮੇਂ ਸੋਸ਼ਲ ਮੀਡੀਆ ’ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਹ ਤਸਵੀਰ ਮੁੱਖ ਤੌਰ ’ਤੇ ਖਰਗੋਸ਼ ਦੇ ਦਿਲ ਵਰਗੀ ਨਜ਼ਰ ਆ ਰਹੀ ਹੈ।

ਪੰਪਿੰਗ ’ਚ ਸਮਰੱਥ ਨਹੀਂ
ਉਨ੍ਹਾਂ ਕਿਹਾ ਕਿ ਇਹ ਦਿਲ ਧੜਕ ਤਾਂ ਸਕਦਾ ਹੈ ਪਰ ਪੂਰਨ ਤੌਰ ’ਤੇ ਪੰਪਿੰਗ ਕਰਨ ’ਚ ਸਮਰੱਥ ਨਹੀਂ ਹੈ। ਵਿਗਿਆਨੀਆਂ ਦਾ ਮੰਨਣਾ ਹੈ ਕਿ ਇਸ ਦਿਲ ਨੂੰ ਭਵਿੱਖ ’ਚ ਮਨੁੱਖੀ ਟਰਾਂਸਪਲਾਂਟ ਲਈ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਬਾਰੇ ਜ਼ਿਆਦਾ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਜਿਹਾ ਹੋ ਸਕਦਾ ਹੈ ਕਿ ਆਉਣ ਵਾਲੇ 10 ਸਾਲਾਂ ’ਚ ਦੁਨੀਆ ਭਰ ਦੇ ਬਿਹਤਰੀਨ ਹਸਪਤਾਲਾਂ ’ਚ ਆਰਗੇਨ ਪ੍ਰਿੰਟਰ ਹੋਣਗੇ ਅਤੇ ਪ੍ਰਕਿਰਿਆਵਾਂ ਨਿਯਮਤ ਰੂਪ ਨਾਲ ਆਯੋਜਿਤ ਕੀਤੀਆਂ ਜਾਣਗੀਆਂ।
 

Vandana

This news is Content Editor Vandana