IS ਨਾਲ ਸਬੰਧਤ ਆਈ.ਐੱਸ.ਕੇ.ਪੀ. ਨੇ ਲਈ ਕਾਬੁਲ ਹਮਲੇ ਦੀ ਜ਼ਿੰਮੇਦਾਰੀ, ਹਮਲਾਵਰ ਦੀ ਤਸਵੀਰ ਕੀਤੀ ਜਾਰੀ

08/27/2021 3:11:33 PM

ਦੁਬਈ (ਭਾਸ਼ਾ) : ਅਫ਼ਗਾਨਿਸਤਾਨ ਵਿਚ ਇਸਲਾਮਿਕ ਸਟੇਟ ਨਾਲ ਸਬੰਧਤ ‘ਇਸਲਾਮਿਕ ਸਟੇਟ-ਖੁਰਾਸਾਨ ਪ੍ਰਾਂਤ’ (ਆਈ.ਐੱਸ.ਕੇ.ਪੀ.) ਨੇ ਕਾਬੁਲ ਹਵਾਈਅੱਡੇ ਦੇ ਬਾਹਰ ਹੋਏ ਹਮਲਿਆਂ ਦੀ ਜ਼ਿੰਮੇਦਾਰੀ ਲਈ ਹੈ। ਅਫ਼ਗਾਨ ਅਤੇ ਅਮਰੀਕੀ ਅਧਿਕਾਰੀਆਂ ਮੁਤਾਬਕ ਕਾਬੁਲ ਹਵਾਈਅੱਡੇ ਨੇੜੇ 2 ਆਤਮਘਾਤੀ ਹਮਲਾਵਰਾਂ ਅਤੇ ਬੰਦੂਕਧਾਰੀਆਂ ਵੱਲੋਂ ਅਫ਼ਗਾਨਾਂ ਦੀ ਭੀੜ ’ਤੇ ਕੀਤੇ ਗਏ ਹਮਲੇ ਵਿਚ ਘੱਟ ਤੋਂ ਘੱਟ 72 ਲੋਕਾਂ ਦੀ ਮੌਤ ਹੋ ਗਈ, ਜਦੋਂਕਿ ਕਈ ਹੋਰਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਮ੍ਰਿਤਕਾਂ ਵਿਚ 12 ਅਮਰੀਕੀ ਫ਼ੌਜੀ ਅਤੇ ਅਫ਼ਗਾਨਿਸਤਾਨ ਦੇ 60 ਲੋਕ ਸ਼ਾਮਲ ਹਨ।

ਇਹ ਵੀ ਪੜ੍ਹੋ: ਨਿਕਾਰਾਗੁਆ ’ਚ ਮੂਲ ਨਿਵਾਸੀਆਂ ’ਤੇ ਹਮਲਾ, 12 ਨੂੰ ਕੁਹਾੜੀਆਂ ਨਾਲ ਵੱਢ ਕੇ ਦਰਖ਼ਤ ਨਾਲ ਲਟਕਾਇਆ

ਆਈ.ਐੱਸ. ਨਾਲ ਸਬੰਧਤ ਆਈ.ਐੱਸ.ਕੇ.ਪੀ. ਨੇ ਹਮਲੇ ਦੀ ਜ਼ਿੰਮੇਦਾਰੀ ਲੈਂਦੇ ਹੋਏ ਕਿਹਾ ਕਿ ਉਸ ਨੇ ਅਮਰੀਕੀ ਫ਼ੌਜੀਆਂ ਅਤੇ ਉਸ ਦੇ ਅਫ਼ਗਾਨ ਸਹਿਯੋਗੀਆਂ ਨੂੰ ਨਿਸ਼ਾਨਾ ਬਣਾਇਆ। ਬਿਆਨ ਦੇ ਨਾਲ ਇਕ ਤਸਵੀਰ ਵੀ ਸਾਂਝੀ ਕੀਤੀ ਗਈ ਹੈ। ਅੱਤਵਾਦੀ ਸੰਗਠਨ ਨੇ ਕਿਹਾ ਕਿ ਇਹ ਉਹੀ ਹਮਲਾਵਰ ਹੈ, ਜਿਸ ਨੇ ਹਮਲੇ ਨੂੰ ਅੰਜ਼ਾਮ ਦਿੱਤਾ। ਤਸਵੀਰ ਵਿਚ ਕਥਿਤ ਹਮਲਾਵਰ ਨੂੰ ਕਾਲੇ ਆਈ.ਐੱਸ. ਝੰਡੇ ਦੇ ਸਾਹਮਣੇ ਵਿਸਫੋਟਕ ਬੈਲਟ ਨਾਲ ਖੜੇ ਦੇਖਿਆ ਜਾ ਸਕਦਾ ਹੈ, ਜਿਸ ਦੇ ਚਿਹਰੇ ’ਤੇ ਇਕ ਕਾਲਾ ਕੱਪੜਾ ਬੰਨਿ੍ਹਆ ਹੈ ਅਤੇ ਸਿਰਫ਼ ਉਸ ਦੀਆਂ ਅੱਖਾਂ ਦਿਖ ਰਹੀਆਂ ਹਨ। ਬਿਆਨ ਵਿਚ ਦੂਜੇ ਆਤਮਘਾਤੀ ਹਮਲਾਵਰ ਜਾਂ ਬੰਦੂਕਧਾਰੀਆਂ ਦਾ ਕੋਈ ਜ਼ਿਕਰ ਨਹੀਂ ਸੀ। ਦਾਅਵੇ ਦੀ ਸੁਤੰਤਰ ਤੌਰ ’ਤੇ ਪੁਸ਼ਟੀ ਨਹੀਂ ਕੀਤੀ ਜਾ ਸਕੀ ਹੈ।

ਇਹ ਵੀ ਪੜ੍ਹੋ: ਅਫ਼ਗਾਨੀ ਔਰਤ ਨੇ ਤਾਲਿਬਾਨੀ ਪਤੀ ਨੂੰ ਦਿੱਤਾ ਤਲਾਕ, ਜਾਰੀ ਹੋਇਆ ‘ਡੈਥ ਵਾਰੰਟ’

ਆਈ.ਐੱਸ.ਆਈ.ਐੱਸ.-ਕੇ ਕੀ ਹੈ?
ਇਸਲਾਮਿਕ ਸਟੇਟ ਖੁਰਾਸਾਨ ਪ੍ਰਾਂਤ ਨੂੰ ਆਈ.ਐੱਸ.ਆਈ.ਐੱਸ.-ਕੇ, ਆਈ.ਐੱਸ.ਕੇ.ਪੀ. ਅਤੇ ਆਈ.ਐੱਸ.ਕੇ. ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਹ ਅਧਿਕਾਰਤ ਤੌਰ 'ਤੇ ਅਫ਼ਗਾਨਿਸਤਾਨ ਵਿਚ ਸਰਗਰਮ ਇਸਲਾਮਿਕ ਸਟੇਟ ਅੰਦੋਲਨ ਨਾਲ ਜੁੜਿਆ ਹੋਇਆ ਹੈ। ਇਸ ਨੂੰ ਇਰਾਕ ਅਤੇ ਸੀਰੀਆ ਵਿਚ ਸਰਗਰਮ ਇਸਲਾਮਿਕ ਸਟੇਟ ਦੀ ਮੁੱਖ ਲੀਡਰਸ਼ਿਪ ਵੱਲੋਂ ਮਾਨਤਾ ਪ੍ਰਾਪਤ ਹੈ। ਆਈ.ਐੱਸ.ਆਈ.ਏ.-ਕੇ ਦੀ ਅਧਿਕਾਰਤ ਤੌਰ 'ਤੇ ਜਨਵਰੀ 2015 ਵਿਚ ਸਥਾਪਨਾ ਕੀਤੀ ਗਈ ਸੀ। ਕੁਝ ਹੀ ਸਮੇਂ ਵਿਚ ਇਸ ਨੇ ਉੱਤਰੀ ਅਤੇ ਉੱਤਰ-ਪੂਰਬੀ ਅਫ਼ਗਾਨਿਸਤਾਨ ਦੇ ਵੱਖ-ਵੱਖ ਪੇਂਡੂ ਜ਼ਿਲ੍ਹਿਆਂ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਅਤੇ ਅਫ਼ਗਾਨਿਸਤਾਨ ਅਤੇ ਪਾਕਿਸਤਾਨ ਵਿਚ ਮਾਰੂ ਕਾਰਵਾਈਆਂ ਸ਼ੁਰੂ ਕੀਤੀਆਂ। ਸਥਾਪਨਾ ਤੋਂ ਬਾਅਦ ਸ਼ੁਰੂਆਤੀ 3 ਸਾਲਾਂ ਵਿਚ ਆਈ.ਐੱਸ.ਆਈ.ਐੱਸ.-ਕੇ ਨੇ ਅਫ਼ਗਾਨਿਸਤਾਨ ਅਤੇ ਪਾਕਿਸਤਾਨ ਦੇ ਪ੍ਰਮੁੱਖ ਸ਼ਹਿਰਾਂ ਵਿਚ ਘੱਟ ਗਿਣਤੀ ਸਮੂਹਾਂ, ਜਨਤਕ ਸਥਾਨਾਂ ਅਤੇ ਸੰਸਥਾਵਾਂ ਅਤੇ ਸਰਕਾਰੀ ਸੰਪਤੀਆਂ ਨੂੰ ਨਿਸ਼ਾਨਾ ਬਣਾ ਕੇ ਹਮਲੇ ਕੀਤੇ ਪਰ ਅਮਰੀਕਾ ਦੀ ਅਗਵਾਈ ਵਾਲੇ ਗੱਠਜੋੜ ਅਤੇ ਉਸਦੇ ਅਫ਼ਗਾਨ ਭਾਈਵਾਲਾਂ ਦੇ ਸਾਹਮਣੇ ਇਹ ਸਮੂਹ ਆਪਣੀ ਜ਼ਮੀਨ ਗੁਆਉਣ ਲੱਗ ਪਿਆ ਅਤੇ ਇਸ ਦੀ ਅਗਵਾਈ ਹੌਲੀ-ਹੌਲੀ ਕਮਜ਼ੋਰ ਹੁੰਦੀ ਗਈ। ਨਤੀਜੇ ਵਜੋਂ ਇਸਦੇ 1400 ਤੋਂ ਵੱਧ ਲੜਾਕਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੇ 2019 ਦੇ ਅਖੀਰ ਅਤੇ 2020 ਦੇ ਅਰੰਭ ਵਿਚ ਅਫ਼ਗਾਨ ਸਰਕਾਰ ਦੇ ਸਾਹਮਣੇ ਸਮਰਪਣ ਕਰ ਦਿੱਤਾ।

ਇਹ ਵੀ ਪੜ੍ਹੋ: ਮਾਹਿਰਾਂ ਦੀ ਚਿਤਾਵਨੀ, ਤਾਲਿਬਾਨ ਦੀ ਦਹਿਸ਼ਤ 'ਚ ਅਫ਼ਗਾਨ ਔਰਤਾਂ ਦਾ ਭਵਿੱਖ ਅਸੁਰੱਖਿਅਤ

 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

cherry

This news is Content Editor cherry