ਸੀਰੀਆ ਦੇ ਰੱਕਾ ''ਤੇ ਆਈ.ਐਸ. ਦਾ ਹਮਲਾ

10/09/2019 7:22:37 PM

ਬੇਰੂਤ (ਏ.ਐਫ.ਪੀ.)- ਇਸਲਾਮਿਕ ਸਟੇਟ (ਆਈ.ਐਸ.) ਸਮੂਹ ਨੇ ਸੀਰੀਆ ਦੇ ਰੱਕਾ 'ਚ ਇਕ ਫਿਦਾਇਨ ਹਮਲਾ ਕਰਨ ਦਾ ਦਾਅਵਾ ਕੀਤਾ ਹੈ। ਇਸ ਹਮਲੇ ਨਾਲ ਕੁਰਦਿਸ਼ਾਂ ਦੇ ਇਸ ਕਿਆਸ ਨੂੰ ਜ਼ੋਰ ਮਿਲਦਾ ਹੈ ਕਿ ਜੇਕਰ ਤੁਰਕੀ ਹਮਲਾ ਕਰਦਾ ਹੈ ਤਾਂ ਜਿਹਾਦੀ ਫਿਰ ਤੋਂ ਆਪਣਾ ਸਿਰ ਚੁੱਕ ਲੈਣਗੇ। ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ ਨੇ ਦੱਸਿਆ ਕਿ ਰਾਤ ਵਿਚ ਬੰਦੂਕਾਂ ਅਤੇ ਗੋਲਾ ਬਾਰੂਦ ਨਾਲ ਲੈੱਸ ਆਈ.ਐਸ. ਦੇ ਦੋ ਲੜਾਕਿਆਂ ਨੇ ਰੱਕਾ ਵਿਚ ਸੁਰੱਖਿਆ ਦਸਤਿਆਂ 'ਤੇ ਹਮਲਾ ਕਰ ਦਿੱਤਾ।

ਬ੍ਰਿਟੇਨ ਦੀ ਨਿਗਰਾਨੀ ਸੰਸਥਾ ਨੇ ਦੱਸਿਆ ਕਿ ਹਮਲਾਵਰਾਂ ਅਤੇ ਕੁਰਦਿਸ਼ ਅਗਵਾਈ ਸੀਰੀਅਨ ਡੈਮੋਕ੍ਰੇਟਿਕ ਫੋਰਸਿਜ਼ (ਐਸ.ਡੀ.ਐਫ.) ਵਿਚਾਲੇ ਸੰਘਰਸ਼ ਇਕ ਘੰਟੇ ਤੋਂ ਜ਼ਿਆਦਾ ਸਮੇਂ ਤੱਕ ਚੱਲਿਆ। ਆਈ.ਐਸ. ਨੇ ਸੰਦੇਸ਼ ਭੇਜਣ ਵਾਲੀ ਐਪ ਟੈਲੀਗ੍ਰਾਮ 'ਤੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਐਸ.ਡੀ.ਐਫ. ਨੇ ਸੁਚੇਤ ਕੀਤਾ ਹੈ ਕਿ ਇਹ ਹਮਲਾ ਤੁਰਕੀ ਦੇ ਹਮਲਾ ਕਰਨ ਦੇ ਖਦਸ਼ੇ ਦਾ ਸ਼ੁਰੂਆਤੀ ਨਤੀਜਾ ਹੈ। ਆਈ.ਐਸ. ਕੁਰਦਿਸ਼ਾਂ ਦੇ ਕਬਜ਼ੇ ਵਾਲੇ ਖੇਤਰ ਵਿਚ ਨਿਯਮਿਤ ਤੌਰ 'ਤੇ ਹਮਲੇ ਕਰਦਾ ਹੈ। ਐਸ.ਡੀ.ਐਫ. ਨੇ ਸੁਚੇਤ ਕੀਤਾ ਹੈ ਕਿ ਜੇਕਰ ਉਹ ਤੁਰਕੀ ਦੇ ਹਮਲੇ ਖਿਲਾਫ ਬਚਾਅ 'ਤੇ ਆਪਣਾ ਧਿਆਨ ਕੇਂਦਰਿਤ ਕਰਦਾ ਹੈ ਤਾਂ ਆਈ.ਐਸ. ਦਾ ਖਤਰਾ ਵੱਧ ਸਕਦਾ ਹੈ। ਤੁਰਕੀ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਕੁਰਦਿਸ਼ ਮਿਲੀਸ਼ੀਆ ਖਿਲਾਫ ਛੇਤੀ ਹੀ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਉਹ ਕੁਰਦਿਸ਼ ਨੂੰ ਅੱਤਵਾਦੀ ਮੰਨਦਾ ਹੈ।

Sunny Mehra

This news is Content Editor Sunny Mehra