ਰੋਹਿੰਗਿਆ ਮੁਸਲਮਾਨਾਂ ਰਾਹੀਂ ਭਾਰਤ ''ਚ ਵੱਡੀ ਘੁਸਪੈਠ ਦੀ ਕੋਸ਼ਿਸ਼ ''ਚ ਪਾਕਿ, ISI ਦੇ ਰਿਹੈ ਸਾਥ

01/11/2020 2:35:26 PM

ਢਾਕਾ/ਇਸਲਾਮਾਬਾਦ- ਪਾਕਿਸਤਾਨ ਰੋਹਿੰਗਿਆ ਮੁਸਲਮਾਨਾਂ ਨੂੰ ਅੱਤਵਾਦ ਦੀ ਟ੍ਰੇਨਿੰਗ ਦੇ ਕਿ ਬੰਗਲਾਦੇਸ਼ ਸਰਹੱਦ ਤੋਂ ਭਾਰਤ ਵਿਚ ਇਕ ਵੱਡੀ ਅੱਤਵਾਦੀ ਘੁਸਪੈਠ ਦੀ ਕੋਸ਼ਿਸ਼ ਵਿਚ ਲੱਗਿਆ ਹੋਇਆ ਹੈ। ਬੰਗਲਾਦੇਸ਼ ਦੀਆਂ ਖੂਫੀਆ ਏਜੰਸੀਆਂ ਨੇ ਸਰਹੱਦ 'ਤੇ ਤਾਇਨਾਤ ਸੁਰੱਖਿਆ ਬਲਾਂ ਨੂੰ ਇਸ ਬਾਰੇ ਆਗਾਹ ਕਰ ਦਿੱਤਾ ਹੈ ਕਿ ਆਉਣ ਵਾਲੇ ਵੇਲੇ ਵਿਚ 40 ਰੋਹਿੰਗਿਆ ਮੁਸਲਮਾਨ ਅੱਤਵਾਦੀ ਭਾਰਤ ਵਿਚ ਵੱਡੀ ਤਬਾਹੀ ਦੇ ਇਰਾਦੇ ਨਾਲ ਘੁਸਪੈਠ ਕਰ ਸਕਦੇ ਹਨ।

ਪਾਕਿਸਤਾਨੀ ਖੂਫੀਆ ਏਜੰਸੀ ਆਈ.ਐਸ.ਆਈ. ਅੱਤਵਾਦੀ ਸੰਗਠਨ ਜਮਾਤ-ਉਲ-ਮੁਜਾਹੀਦੀਨ ਆਫ ਬੰਗਲਾਦੇਸ਼ ਦੇ ਰਾਹੀਂ ਢਾਕਾ ਦੇ ਕਾਕਸ ਬਜ਼ਾਰ ਵਿਚ ਰਹਿਣ ਵਾਲੇ ਰੋਹਿੰਗਿਆ ਮੁਸਲਮਾਨਾਂ ਨੂੰ ਅੱਤਵਾਦੀ ਟ੍ਰੇਨਿੰਗ ਦੇਣ ਵਿਚ ਮਦਦ ਕਰ ਰਿਹਾ ਹੈ। ਖਬਰ ਹੈ ਕਿ ਜੇਐਮਬੀ ਨੂੰ ਇਸ ਦੇ ਲਈ ਆਈ.ਐਸ.ਆਈ. ਤੋਂ ਇਕ ਕਰੋੜ ਟਕਾ ਦਾ ਫੰਡ ਮਿਲ ਚੁੱਕਿਆ ਹੈ। ਖੂਫੀਆ ਏਜੰਸੀਆਂ ਨੇ ਕਿਹਾ ਕਿ ਆਈ.ਐਸ.ਆਈ. ਇਸ ਦੇ ਲਈ ਸਾਊਦੀ ਅਰਬ ਤੇ ਮਲੇਸ਼ੀਆ ਦੇ ਰਾਸਤੇ ਜਮਾਤ-ਉਲ-ਮੁਜਾਹੀਦੀਨ ਨੂੰ ਕਿਸ਼ਤਾਂ ਵਿਚ ਫੰਡਿੰਗ ਕਰ ਰਿਹਾ ਹੈ। ਪਹਿਲੀ ਕਿਸ਼ਤ ਦੇ ਤੌਰ 'ਤੇ ਜਮਾਤ ਨੂੰ ਇਕ ਕਰੋੜ ਟਕਾ ਮਿਲ ਚੁੱਕਿਆ ਹੈ। ਇਹ ਜਾਣਕਾਰੀ ਨੈਸ਼ਨਲ ਇੰਟੈਲੀਜੈਂਸ ਏਜੰਸੀ ਨੂੰ ਵੀ ਮੁਹੱਈਆ ਕਰਵਾਈ ਜਾ ਚੁੱਕੀ ਹੈ। ਪਾਕਿਸਤਾਨ ਨੇ ਅੱਤਵਾਦੀਆਂ ਨੂੰ ਬੰਗਲਾਦੇਸ਼ ਸਰਹੱਦ ਰਾਹੀਂ ਭਾਰਤ ਭੇਜਣ ਦੀ ਤਿਆਰੀ ਉਦੋਂ ਸ਼ੁਰੂ ਕੀਤੀ ਜਦੋਂ ਭਾਰਤ ਨੇ ਜੰਮੂ-ਕਸ਼ਮੀਰ ਵਿਚ ਕੰਟਰੋਲ ਲਾਈਨ 'ਤੇ ਚੌਕਸੀ ਵਧਾ ਦਿੱਤੀ ਤੇ ਉਸ ਰਸਤੇ ਤੋਂ ਪਾਕਿਸਤਾਨੀ ਅੱਤਵਾਦੀਆਂ ਦਾ ਘੁਸਪੈਠ ਕਰਨਾ ਮੁਸ਼ਕਿਲ ਹੋ ਗਿਆ। ਇਸ ਤੋਂ ਬਾਅਦ ਪਾਕਿਸਤਾਨ ਨੇ ਬੰਗਲਾਦੇਸ਼ ਦੇ ਰੋਹਿੰਗਿਆ ਮੁਸਲਮਾਨਾਂ ਨੂੰ ਇਸ ਦੇ ਲਈ ਚੁਣਿਆ ਤੇ ਉਹਨਾਂ ਦੀ ਟ੍ਰੇਨਿੰਗ ਦੇ ਲਈ ਜਮਾਤ-ਉਲ-ਮੁਜਾਹੀਦੀਨ ਨੂੰ ਮਦਦ ਪਹੁੰਚਾਉਣੀ ਸ਼ੁਰੂ ਕੀਤੀ।

ਜ਼ਾਹਿਰ ਹੈ ਕਿ ਆਈ.ਐਸ.ਆਈ. ਦੀ ਇਕ ਖਤਰਨਾਕ ਕੋਸ਼ਿਸ਼ ਨਾ ਸਿਰਫ ਭਾਰਤ ਦੇ ਲਈ ਬਲਕਿ ਬੰਗਲਾਦੇਸ਼ ਦੇ ਲਈ ਵੀ ਬੇਹੱਦ ਖਤਰਨਾਕ ਸਾਬਿਤ ਹੋ ਸਕਦੀ ਹੈ। ਅਸਲ ਵਿਚ ਢਾਕਾ ਦੇ ਕਾਕਸ ਬਾਜ਼ਾਰ ਵਿਚ ਰੋਹਿੰਗਿਆ ਮੁਸਲਮਾਨਾਂ ਦੀ ਸਭ ਤੋਂ ਜ਼ਿਆਦਾ ਆਬਾਦੀ ਰਹਿੰਦੀ ਹੈ ਤੇ ਬੰਗਲਾਦੇਸ਼ ਖੁਦ ਰੋਹਿੰਗਿਆ ਸ਼ਰਣਾਰਥੀਆਂ ਦੀ ਇਸ ਸਮੱਸਿਆ ਨਾਲ ਜੂਝ ਰਿਹਾ ਹੈ। ਇਥੋਂ ਤੱਕ ਕਿ ਬੰਗਲਾਦੇਸ਼ 'ਤੇ ਵੀ ਇਹ ਦੋਸ਼ ਲਗਾਤਾਰ ਲੱਗ ਰਹੇ ਹਨ ਕਿ ਉਥੇ ਰੋਹਿੰਗਿਆ ਸ਼ਰਣਾਰਥੀਆਂ 'ਤੇ ਜ਼ੁਲਮ ਹੋ ਰਹੇ ਹਨ। ਬੰਗਲਾਦੇਸ਼ ਨੇ ਸ਼ਰਣਾਰਥੀ ਕੈਂਪਾਂ ਵਿਚ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾ ਦਿੱਤੀਆਂ, ਇਥੋਂ ਤੱਕ ਕਿ ਇੰਟਰਨੈੱਟ ਬੰਦ ਕਰ ਦਿੱਤਾ ਤੇ ਮਨੁੱਖੀ ਅਧਿਕਾਰਾਂ ਦਾ ਉਲੰਘਣ ਕੀਤਾ ਜਾ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਆਈ.ਐਸ.ਆਈ. ਦੀ ਇਸ ਕੋਸ਼ਿਸ਼ ਤੇ ਰੋਹਿੰਗਿਆ ਮੁਸਲਮਾਨਾਂ ਨੂੰ ਅੱਤਵਾਦੀ ਟ੍ਰੇਨਿੰਗ ਦੇਣ ਨਾਲ ਬੰਗਲਾਦੇਸ਼ ਦੀ ਸੁਰੱਖਿਆ ਨੂੰ ਵੀ ਵੱਡਾ ਖਤਰਾ ਹੈ ਤੇ ਬੰਗਲਾਦੇਸ਼ ਇਸ ਦੇ ਮੱਦੇਨਜ਼ਰ ਕਾਕਸ ਬਾਜ਼ਾਰ ਤੇ ਹੋਰ ਰੋਹਿੰਗਿਆ ਸ਼ਰਣਾਰਥੀ ਕੈਂਪਾਂ 'ਤੇ ਹੋਰ ਸਖਤੀ ਕਰ ਸਕਦਾ ਹੈ।


Baljit Singh

Content Editor

Related News