ਆਈ.ਐਸ. ਨੂੰ ਧੂੜ ਚਟਾਉਣ ਮਗਰੋਂ ਇਰਾਕ ਫੌਜ ਨੇ ਮਨਾਇਆ ਜਸ਼ਨ

12/10/2017 7:28:36 PM

ਬਗਦਾਦ (ਭਾਸ਼ਾ)- ਇਰਾਕ ਵਿਚ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈ.ਐਸ.) ਸਮੂਹ ’ਤੇ ਜਿੱਤ ਹਾਸਲ ਕਰਨ ਦੇ ਪ੍ਰਧਾਨ ਮੰਤਰੀ ਹੈਦਰ ਅਲ ਆਬਦੀ ਦੇ ਐਲਾਨ ਦਾ ਜਸ਼ਨ ਮਨਾਉਣ ਲਈ ਇਰਾਕ ਦੇ ਹਥਿਆਰਬੰਦ ਸੁਰੱਖਿਆ ਫੋਰਸਾਂ ਨੇ ਬਗਦਾਦ ਵਿਚ ਇਕ ਫੌਜੀ ਪਰੇਡ ਕੀਤੀ। ਆਬਦੀ ਨੇ ਇਰਾਕ ਤੋਂ ਜੇਹਾਦੀ ਸੰਗਠਨ ਇਸਲਾਮਿਕ ਸਟੇਟ ਨੂੰ ਖਦੇੜਣ ਲਈ ਤਿੰਨ ਸਾਲ ਤੋਂ ਚੱਲ ਰਹੇ ਜੰਗ ਵਿਚ ਕਲ ਜਿੱਤ ਦਾ ਐਲਾਨ ਕੀਤਾ ਸੀ। ਚਸ਼ਮਦੀਦਾਂ ਨੇ ਦੱਸਿਆ ਕਿ ਇਰਾਕੀ ਫੌਜ ਦੀਆਂ ਇਕਾਈਆਂ ਨੇ ਮੱਧ ਬਗਦਾਦ ਦੇ ਮੁੱਖ ਚੌਰਾਹੇ ’ਤੇ ਮਾਰਚ ਕੀਤਾ ਅਤੇ ਉਨ੍ਹਾਂ ਦੇ ਉਪਰ ਹੈਲੀਕਾਪਟਰ ਅਤੇ ਲੜਾਕੂ ਜਹਾਜ਼ ਉਡਾਣ ਭਰ ਰਹੇ ਸਨ। ਪਰੇਡ ਦਾ ਸਿੱਧਾ ਪ੍ਰਸਾਰਣ ਨਹੀਂ ਕੀਤਾ ਗਿਆ ਅਤੇ ਸਿਰਫ ਸਰਕਾਰੀ ਮੀਡੀਆ ਨੂੰ ਇਸ ਵਿਚ ਹਿੱਸਾ ਲੈਣ ਦੀ ਇਜਾਜ਼ਤ ਸੀ। ਆਬਦੀ ਦੇ ਜਿੱਤ ਦੇ ਐਲਾਨ ਮਗਰੋਂ ਅੱਜ ਜਨਤਕ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਇਰਾਕ ਨੇ ਆਪਣੀ ਏਕਤਾ ਅਤੇ ਸਾਡੇ ਸਮਰਪਣ ਨਾਲ ਜੇਹਾਦੀਆਂ ਨੂੰ ਮਾਤ ਦੇ ਦਿੱਤੀ। ਆਈ.ਐਸ. ਦੇ ਅੱਤਵਾਦੀਆਂ ਨੇ 2014 ਵਿਚ ਇਰਾਕ ਦੇ ਵੱਡੇ ਹਿੱਸੇ ਅਤੇ ਗੁਆਂਢੀ ਸੀਰੀਆ ਨੂੰ ਆਪਣੇ ਕੰਟਰੋਲ ਵਿਚ ਲੈ ਲਿਆ ਸੀ ਅਤੇ ਇਕ ਸਰਹੱਦ ਪਾਰ ਖਿਲਾਫਤ ਦਾ ਐਲਾਨ ਕਰ ਦਿੱਤਾ ਸੀ। ਇਸ ਸੰਗਠਨ ਨੇ ਲੋਕਾਂ ’ਤੇ ਕਈ ਜ਼ੁਲਮ ਕੀਤੇ ਗਏ ਸਨ। ਇਸ ਦੌਰਾਨ ਲੰਡਨ ਵਿਚ ਬ੍ਰਿਟਿਸ਼ ਪ੍ਰਧਾਨ ਮੰਤਰੀ ਟੇਰੀਜ਼ਾ ਮੇਅ ਨੇ ਇਰਾਕ ਨੂੰ ਯਾਦ ਦਿਵਾਇਆ ਕਿ ਇਸਲਾਮਿਕ ਸਟੇਟ ਅਜੇ ਵੀ ਵੱਡਾ ਖਤਰਾ ਬਣਿਆ ਹੋਇਆ ਹੈ। ਟੇਰੀਜ਼ਾ ਮੇਅ ਨੇ ਇਸਲਾਮਿਕ ਸਟੇਟ ਖਿਲਾਫ ਜੰਗ ਦੇ ਅਧਿਕਾਰਤ ਐਲਾਨ ’ਤੇ ਆਬਦੀ ਅਤੇ ਸਾਰੀਆਂ ਇਕਾਈਆਂ ਨੂੰ ਇਸ ਇਤਿਹਾਸਕ ਪਲ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਇਕ ਜ਼ਿਆਦਾ ਸ਼ਾਂਤੀਪੂਰਨ ਅਤੇ ਖੁਸ਼ਹਾਲ ਦੇਸ਼ ਬਣਾਉਣ ਦੀ ਦਿਸ਼ਾ ਵਿਚ ਇਕ ਨਵਾਂ ਕਦਮ ਹੈ। ਹਾਲਾਂਕਿ, ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਅਜੇ ਕਾਫੀ ਕੁਝ ਕਰਨ ਦੀ ਲੋੜ ਹੈ। ਉਨ੍ਹਾਂ ਨੇ ਕਲ ਇਕ ਬਿਆਨ ਵਿਚ ਕਿਹਾ ਕਿ ਸਾਨੂੰ ਇਕ ਚੀਜ਼ ਸਾਫ-ਸਾਫ ਸਮਝ ਲੈਣੀ ਚਾਹੀਦੀ ਹੈ ਕਿ ਆਈ.ਐਸ.ਆਈ.ਐਸ. ਫੇਲ ਜ਼ਰੂਰ ਹੋ ਰਿਹਾ ਹੈ, ਪਰ ਉਹ ਅਜੇ ਵੀ ਹਾਰਿਆ ਨਹੀਂ ਹੈ। ਉਹ ਅਜੇ ਵੀ ਸੀਰੀਆਈ ਸਰਹੱਦ ਸਣੇ ਪੂਰੇ ਇਰਾਕ ਲਈ ਵੱਡਾ ਖਤਰਾ ਹੈ।