ਜੈਲੀਫਿਸ਼ ਦੇ ਕੱਟਣ ਨਾਲ 14 ਸਾਲ ਦੀ ਕੁੜੀ ਗਈ ਕੋਮਾ ''ਚ

04/06/2018 4:52:03 PM

ਪਰਥ(ਬਿਊਰੋ)— ਪੱਛਮੀ ਆਸਟ੍ਰੇਲੀਆ ਵਿਚ ਇਕ ਕੁੜੀ ਨੂੰ ਬੀਤੇ ਸੋਮਵਾਰ ਨੂੰ ਇਕ ਸਮੁੰਦਰੀ ਜੀਵ ਨੇ ਕੱਟ ਲਿਆ, ਜਿਸ ਨਾਲ ਉਹ ਕੋਮਾ ਵਿਚ ਚਲੀ ਗਈ। ਦੱਸਿਆ ਕਿ ਜਾ ਰਿਹਾ ਹੈ ਕਿ ਇਹ 14 ਸਾਲ ਦੀ ਕੁੜੀ ਪੱਛਮੀ ਆਸਟਰੇਲੀਆ ਦੇ ਡੈਂਪੀਅਰ ਵਿਚ ਸਥਿਤ ਨਿਕੋਲ ਬੇਅ ਵਿਚ ਤੈਰ ਰਹੀ ਸੀ, ਕਿ ਅਚਾਨਕ ਹੀ ਉਸ ਨੂੰ ਜੈਲੀਫਿਸ਼ (Irukandj) ਨੇ ਕੱਟ ਲਿਆ, ਜਿਸ ਤੋਂ ਬਾਅਦ ਉਸ ਨੂੰ ਤੁਰੰਤ ਹਪਸਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਜਹਾਜ਼ ਰਾਹੀਂ ਪਰਥ ਦੇ ਪ੍ਰਿੰਸੇਸ ਮਰਗਰੇਟ ਹਸਪਤਾਲ ਲਿਜਾਇਆ ਗਿਆ। ਉਦੋਂ ਤੋਂ ਹੀ ਉਹ ਕੁੜੀ ਕੋਮਾ ਵਿਚ ਹੈ ਅਤੇ ਉਸ ਨੂੰ ਅਜੇ ਤੱਕ ਹੋਸ਼ ਨਹੀਂ ਆਇਆ ਹੈ।
Irukandj ਨਾਂ ਦੀ ਇਹ ਜੈਲੀਫਿਸ਼ ਦੁਨੀਆ ਦੀ ਸਭ ਤੋਂ ਜ਼ਹਿਰੀਲੀ ਜੈਲੀਫਿਸ਼ਜ਼ ਵਿਚੋਂ ਇਕ ਹੈ। 2.5 ਸੈਂਟੀਮੀਟਰ ਤੱਕ ਦੀ ਲੰਬਾਈ ਵਾਲੀ ਇਸ ਜੈਲੀਫਿਸ਼ ਦੇ ਸਰੀਰ ਦੀ ਬਨਾਵਟ ਘੰਟੀ ਵਰਗੀ ਹੁੰਦੀ ਹੈ ਅਤੇ ਇਹ ਇੰਨੀ ਪਾਰਦਰਸ਼ੀ ਹੁੰਦੀ ਹੈ ਕਿ ਜਲਦੀ ਦਿਖਾਈ ਨਹੀਂ ਦਿੰਦੀ। ਜਦੋਂ ਇਹ ਜੈਲੀਫਿਸ਼ ਕੱਟਦੀ ਹੈ ਤਾਂ ਸਰੀਰ ਵਿਚ ਦਰਦ, ਚੱਕਰ ਆਉਣਾ ਅਤੇ ਫੇਫੜਿਆਂ ਵਿਚ ਪਾਣੀ ਭਰਨ ਵਰਗੀਆਂ ਪ੍ਰੇਸ਼ਾਨੀਆਂ ਹੁੰਦੀਆਂ ਹਨ। ਪੱਛਮੀ ਆਸਟ੍ਰੇਲੀਅਨ ਕੰਟਰੀ ਹੈਲਥ ਮੁਤਾਬਕ ਇਸ ਬੱਚੀ ਦਾ ਕੇਸ ਇਸ ਸਾਲ ਦਾ ਪਹਿਲਾ ਕੇਸ ਹੈ ਅਤੇ ਪਿਛਲੇ 100 ਸਾਲਾਂ ਵਿਚ Irukandj ਜੈਲੀਫਿਸ਼ ਦੇ ਕੱਟਣ ਨਾਲ 3 ਲੋਕਾਂ ਦੀ ਮੌਤ ਹੋਈ ਹੈ।