ਇਰਾਕੀ ਫੌਜ ਅਤੇ ਕੁਰਦਿਸ਼ ਫੋਰਸ ਆਹਮੋ-ਸਾਹਮਣੇ

10/14/2017 8:32:48 PM

ਮਰੀਅਮ ਬੇਕ (ਇਰਾਕ) (ਏ.ਐਫ.ਪੀ.)— ਹਜ਼ਾਰਾਂ ਇਰਾਕੀ ਫੌਜੀਆਂ ਅਤੇ ਕੁਰਦਿਸ਼ ਫੋਰਸ ਵਿਵਾਦਤ ਤੇਲ ਸੂਬੇ ਕਿਰਕੁਕ 'ਚ ਆਹਮੋ-ਸਾਹਮਣੇ ਆ ਗਏ ਹਨ ਅਤੇ ਅਮਰੀਕਾ ਦੀ ਕੋਸ਼ਿਸ਼ ਹੈ ਕਿ ਇਸਲਾਮਿਕ ਸਟੇਟ ਸਮੂਹ ਖਿਲਾਫ ਜੰਗ 'ਚ ਦੋ ਪ੍ਰਮੁੱਖ ਸਹਿਯੋਗੀਆਂ ਵਿਚਾਲੇ ਲੜਾਈ ਨੂੰ ਟਾਲਿਆ ਜਾ ਸਕੇ। ਏ.ਐਫ.ਪੀ. ਦੇ ਇਕ ਫੋਟੋਗ੍ਰਾਫਰ ਨੇ ਖਬਰ ਦਿੱਤੀ ਹੈ ਕਿ ਇਰਾਕੀ ਫੌਜ ਨੇ ਬਖਤਰਬੰਦ ਕਾਰ ਕਿਰਕੁਕ ਦੇ ਨੇੜੇ ਇਕ ਨਦੀ ਕੰਢੇ ਤਾਇਨਾਤ ਹੈ। ਉਨ੍ਹਾਂ 'ਤੇ ਰਾਸ਼ਟਰੀ ਝੰਡਾ ਲੱਗਾ ਹੋਇਆ ਹੈ। ਨਦੀ ਦੇ ਦੂਜੇ ਕੰਢੇ 'ਤੇ ਬੰਨ੍ਹ ਪਿੱਛੇ ਕੁਰਦਿਸ਼ ਪੇਸ਼ਮਰਗਾ ਲੜਾਕੇ ਤਾਇਨਾਤ ਨਜ਼ਰ ਆ ਰਹੇ ਹਨ। ਦੂਰ ਤੋਂ ਕੁਰਦਿਸ਼ ਝੰਡੇ ਵੀ ਨਜ਼ਰ ਆ ਰਹੇ ਹਨ। ਇਰਾਕੀ ਫੌਜ ਦੇ ਇਕ ਅਧਿਕਾਰੀ ਨੇ ਨਾਂ ਨਾ ਦੱਸਣ ਦੀ ਸ਼ਰਤ 'ਤੇ ਦੱਸਿਆ ਕਿ ਸਾਡੀ ਫੋਰਸ ਅੱਗੇ ਨਹੀਂ ਵਧ ਰਹੀ ਹੈ ਅਤੇ ਹੁਣ ਜਨਰਲ ਸਟਾਫ ਤੋਂ ਆਦੇਸ਼ ਦੀ ਉਡੀਕ ਕੀਤੀ ਜਾ ਰਹੀ ਹੈ। ਦੋਹਾਂ ਧਿਰਾਂ ਵਿਚਾਲੇ ਇਹ ਤਣਾਅ ਉਸ ਵੇਲੇ ਹੀ ਬਣਿਆ ਹੋਇਆ ਹੈ ਜਦੋਂ 25 ਸਤੰਬਰ ਨੂੰ ਹੋਏ ਰੈਫਰੰਡਮ 'ਚ ਕੁਰਦ ਲੋਕਾਂ ਨੇ ਆਜ਼ਾਦੀ ਦੇ ਪੱਖ 'ਚ ਵੋਟਿੰਗ ਕੀਤੀ। ਬਗਦਾਦ ਨੇ ਉਸ ਰੈਫਰੰਡਮ ਨੂੰ ਨਾਜਾਇਜ਼ ਕਰਾਰ ਦਿੰਦੇ ਹੋਏ ਰੱਦ ਕਰ ਦਿੱਤਾ ਹੈ।