ਆਈ. ਐੱਸ ਦੁਆਰਾ ਢਾਹੀ ਗਈ ਅਲ-ਨੂਰੀ ਮਸਜਿਦ ਨੂੰ ਫਿਰ ਤੋਂ ਬਣਵਾਏਗੀ ਇਰਾਕ ਸਰਕਾਰ

06/23/2017 5:15:00 PM

ਬਗਦਾਦ— ਇਰਾਕ 'ਚ ਅੱਤਵਾਦੀ ਸੰਗਠਨ ਆਈ. ਐੱਸ. ਦੁਆਰਾ ਅਲ-ਨੂਰੀ ਮਸਜਿਦ ਨੂੰ ਡੇਗੇ ਜਾਣ ਮਗਰੋਂ ਹੁਣ ਇਰਾਕ ਸਰਕਾਰ ਨੇ ਕਿਹਾ ਹੈ ਕਿ ਉਹ ਇਸ ਨੂੰ ਫਿਰ ਤੋਂ ਬਣਵਾਏਗੀ। 850 ਸਾਲ ਪੁਰਾਣੀ ਇਹ ਮਸਜਿਦ ਸਾਲ 2014 ਤੋਂ ਆਈ. ਐੱਸ. ਦਾ ਠਿਕਾਣਾ ਬਣੀ ਹੋਈ ਸੀ ਅਤੇ ਇੱਥੋਂ ਹੀ ਬਗਦਾਦੀ ਨੇ ਖੁਦ ਨੂੰ ਖਲੀਫਾ ਘੋਸ਼ਿਤ ਕੀਤਾ ਸੀ।
ਪ੍ਰਧਾਨ ਮੰਤਰੀ ਹੈਦਰ ਅਲ-ਅਬਾਦੀ ਨੇ ਕਿਹਾ ਹੈ ਕਿ ਪਵਿੱਤਰ ਮਸਜਿਦ ਅਤੇ ਉਸ ਦੀ ਝੁਕੀ ਹੋਈ ਅਲ-ਹਦਾ ਮੀਨਾਰ ਨੂੰ ਫਿਰ ਤੋਂ ਬਣਵਾਇਆ ਜਾਵੇਗਾ। ਨਾਲ ਹੀ ਨਿਮਰੂਦ ਅਤੇ ਹਤਰਾ ਦੀ ਵੀ ਪੁਰਾਤੱਤਵ ਮਹੱਤਾ ਵਾਲੀਆਂ ਇਮਾਰਤਾਂ ਦੀ ਮੁੜ ਉਸਾਰੀ ਕਰਵਾਈ ਜਾਵੇਗੀ। ਇਨ੍ਹਾਂ ਦੋਹਾਂ ਥਾਵਾਂ ਨੂੰ ਵੀ ਆਈ. ਐੱਸ. ਨੇ ਬਰਬਾਦ ਕਰ ਦਿੱਤਾ ਸੀ।
ਅਬਾਦੀ ਨੇ ਕਿਹਾ ਕਿ ਅਲ-ਨੂਰੀ ਮਸਜਿਦ ਨੂੰ ਬਰਬਾਦ ਕਰਨਾ ਆਈ. ਐੱਸ. ਦੇ ਖਾਤਮੇ ਦਾ ਸੰਕੇਤ ਹੈ। ਇਹ ਮਸਜਿਦ ਸਿਰਫ ਇਰਾਕ ਲਈ ਹੀ ਮੱਹਤਵਪੂਰਨ ਨਹੀਂ ਸੀ ਬਲਕਿ ਪੂਰੀ ਮਾਨਵ ਜਾਤੀ ਨੂੰ ਮਿਲੀ ਵਿਰਾਸਤ ਸੀ। ਇਸ ਲਈ ਇਸ ਦੀ ਮੁੜ ਉਸਾਰੀ ਕਰਵਾਈ ਜਾਵੇਗੀ। ਅਬਾਦੀ ਮੁਤਾਬਕ ਇਰਾਕ 'ਚ ਹੁਣ ਛੋਟੇ ਜਿਹੇ ਇਲਾਕੇ 'ਚ ਆਈ. ਐੱਸ. ਦਾ ਕਬਜਾ ਬਚਿਆ ਹੈ। ਕੁਝ ਹੀ ਦਿਨਾਂ 'ਚ ਉਹ ਪੂਰੇ ਇਰਾਕ ਨੂੰ ਅੱਤਵਾਦੀ ਸੰਗਠਨ ਦੇ ਕਬਜ਼ੇ ਤੋਂ ਆਜ਼ਾਦ ਕਰਵਾਉਣ 'ਚ ਸਫਲ ਹੋ ਜਾਣਗੇ।