ਇਰਾਕ ਨੇ 24 ਅੱਤਵਾਦੀ ਲਏੇ ਹਿਰਾਸਤ ''ਚ

02/21/2019 11:09:41 AM

ਬਗਦਾਦ (ਏਜੰਸੀ)— ਇਰਾਕ ਦੀ ਫੌਜ ਨੇ ਇਸਲਾਮਕ ਸਟੇਟ ਦੇ 24 ਅੱਤਵਾਦੀਆਂ ਨੂੰ ਹਿਰਾਸਤ 'ਚ ਲੈਣ ਦਾ ਦਾਅਵਾ ਕੀਤਾ ਹੈ। ਇਰਾਕੀ ਫੌਜ ਦੇ ਚੀਫ ਆਫ ਸਟਾਫ ਓਥਮਨ ਅਲ ਘਨੀਮੀ ਨੇ ਬੁੱਧਵਾਰ ਨੂੰ ਇਕ ਪੱਤਰਕਾਰ ਸੰਮੇਲਨ 'ਚ ਦੱਸਿਆ ਕਿ ਇਹ ਅੱਤਵਾਦੀ ਗੁਆਂਢੀ ਦੇਸ਼ ਸੀਰੀਆ 'ਚ ਘੁਸਪੈਠ ਕਰਕੇ ਇਰਾਕ ਦੇ ਉੱਤਰੀ ਨੀਨੇਵਾਹ ਸੂਬੇ 'ਚ ਦਾਖਲ ਹੋਏ। ਆਈ. ਐੱਸ. ਦੇ 24 ਅੱਤਵਾਦੀਆਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਹਿਰਾਸਤ 'ਚ ਲਏ ਗਏ ਅੱਤਵਾਦੀਆਂ 'ਚੋਂ 4 ਆਈ. ਐੱਸ. ਆਈ. ਐੱਸ. ਗਰੁੱਪ ਦੇ ਕਮਾਂਡਰ ਹਨ। 
ਅਲ ਘਨੀਮੀ ਨੇ ਇਹ ਟਿੱਪਣੀ ਉੱਤਰੀ ਇਰਾਕ ਦੀ ਸੁਰੱਖਿਆ ਦੀ ਜ਼ਿੰਮੇਦਾਰੀ ਸੰਭਾਲਣ ਵਾਲੀ ਨੀਨੇਵਾਹ ਆਪਰੇਸ਼ਨ ਕਮਾਨ ਦੇ ਦੌਰੇ ਸਮੇਂ ਕੀਤੀ। ਉਨ੍ਹਾਂ ਨੇ ਮੋਸੁਲ ਸ਼ਹਿਰ ਅਤੇ ਸੂਬੇ ਦੇ ਹੋਰ ਖੇਤਰਾਂ 'ਚ ਸੁਰੱਖਿਆ ਪ੍ਰਬੰਧ ਬਣਾਏ ਰੱਖਣ ਲਈ ਸੁਰੱਖਿਆ ਉਪਾਅ ਕਰਨ 'ਤੇ ਜ਼ੋਰ ਦਿੱਤਾ ਹੈ। ਇਸ ਤੋਂ ਪਹਿਲਾਂ ਇਰਾਕੀ ਪ੍ਰਧਾਨ ਮੰਤਰੀ ਅਦੇਲ ਅਬਦੁਲ ਮੇਹਦੀ ਨੇ ਮੰਗਲਵਾਰ ਨੂੰ ਆਪਣੇ ਇਕ ਬਿਆਨ 'ਚ ਕਿਹਾ ਸੀ ਕਿ ਗੁਆਂਢੀ ਦੇਸ਼ ਸੀਰੀਆ 'ਚ ਹੋ ਰਹੇ ਸੰਘਰਸ਼ ਨੂੰ ਲੈ ਕੇ ਇਰਾਕ ਚਿੰਤਾ 'ਚ ਹੈ।
ਜ਼ਿਕਰਯੋਗ ਹੈ ਕਿ ਇਰਾਕ 'ਚ ਸੁਰੱਖਿਆ ਬਲਾਂ ਵਲੋਂ ਆਈ. ਐੱਸ. ਅੱਤਵਾਦੀਆਂ ਦੇ ਲਗਭਗ ਸਫਾਏ ਦੇ ਬਾਅਦ ਸੁਰੱਖਿਆ ਸਥਿਤੀ 'ਚ ਕਾਫੀ ਸੁਧਾਰ ਹੋਇਆ ਹੈ। ਇਰਾਕ ਅਤੇ ਸੀਰੀਆ ਵਿਚਕਾਰ ਸਰਹੱਦ 'ਤੇ ਇਰਾਕੀ ਸੁਰੱਖਿਆ ਬਲ ਅਤੇ ਨੀਮ ਫੌਜੀ ਫੋਰਸ ਹੈ। ਸ਼ਾਬੀ ਬ੍ਰਿਗੇਡ ਤਾਇਨਾਤ ਹਨ। ਇਹ ਸਰਹੱਦ ਨੀਨੇਵਾਹ ਅਤੇ ਅਨਬਰ ਸੂਬੇ ਦੇ ਪੱਛਮ 'ਚ 600 ਕਿਲੋਮੀਟਰ ਤਕ ਫੈਲੀ ਹੋਈ ਹੈ।
ਜ਼ਿਕਰਯੋਗ ਹੈ ਕਿ 2003 'ਚ ਅਮਰੀਕਾ ਦੀ ਅਗਵਾਈ ਵਾਲੇ ਹਮਲੇ ਦੇ ਬਾਅਦ ਦੋਹਾਂ ਦੇਸ਼ਾਂ ਦੇ ਵਿਚਕਾਰ ਲੰਬੀ ਸਰਹੱਦ ਰੇਖਾ ਦੀ ਵਰਤੋਂ ਵਿਦਰੋਹੀ ਸਮੂਹਾਂ ਅਤੇ ਆਈ. ਐੱਸ. ਦੇ ਅੱਤਵਾਦੀਆਂ ਵਲੋਂ ਲੋਜਿਸਟਕ ਸਮਰਥਨ ਲਈ ਅਤੇ ਇਰਾਕ 'ਚ ਸਰਹੱਦ ਪਾਰ ਹਮਲਿਆਂ ਨੂੰ ਅੰਜਾਮ ਦੇਣ ਲਈ ਕੀਤਾ ਗਿਆ ਹੈ।