ਬਗਦਾਦ ''ਚ ਬਹਿਰੀਨ ਦੇ ਦੂਤਘਰ ''ਚ ਦਾਖਲ ਹੋਏ ਪ੍ਰਦਰਸ਼ਨਕਾਰੀ

06/28/2019 11:12:40 AM

ਬਗਦਾਦ (ਭਾਸ਼ਾ)— ਅਰਬ ਅਤੇ ਇਜ਼ਰਾਈਲ ਵਿਚਾਲੇ ਸ਼ਾਂਤੀ ਨੂੰ ਵਧਾਵਾ ਦੇਣ ਲਈ ਬਹਿਰੀਨ ਵਿਚ ਆਯੋਜਿਤ ਸੰਮੇਲਨ ਦਾ ਪ੍ਰਦਰਸ਼ਨਕਾਰੀਆਂ ਨੇ ਵਿਰੋਧ ਕੀਤਾ। ਪ੍ਰਦਰਸ਼ਨਕਾਰੀ ਵੀਰਵਾਰ ਰਾਤ ਇਰਾਕ ਦੀ ਰਾਜਧਾਨੀ ਬਗਦਾਦ ਵਿਚ ਬਹਿਰੀਨ ਦੇ ਦੂਤਘਰ ਦੇ ਕੰਪਲੈਕਸ ਵਿਚ ਦਾਖਲ ਹੋ ਗਏ। ਉਨ੍ਹਾਂ ਨੇ ਇਮਾਰਤ ਦੇ ਉੱਪਰੋਂ ਉੱਥੋਂ ਦਾ ਰਾਸ਼ਟਰੀ ਝੰਡਾ ਹਟਾ ਦਿੱਤਾ ਅਤੇ ਉਸ ਦੀ ਜਗ੍ਹਾ ਇਕ ਫਿਲਸਤੀਨੀ ਬੈਨਰ ਲਗਾ ਦਿੱਤਾ। ਇਕ ਘੰਟੇ ਤੋਂ ਵੱਧ ਸਮੇਂ ਤੱਕ ਚੱਲੇ ਇਸ ਗਤੀਰੋਧ ਵਿਚ ਕੋਈ ਵਿਅਕਤੀ ਜ਼ਖਮੀ ਨਹੀਂ ਹੋਇਆ ਅਤੇ ਦੇਰ ਰਾਤ ਇਰਾਕੀ ਸੁਰੱਖਿਆ ਬਲਾਂ ਨੇ ਇਲਾਕੇ 'ਤੇ ਕਬਜ਼ਾ ਕਰ ਲਿਆ। 

ਇਰਾਕ ਦੇ ਇਕ ਸੁਰੱਖਿਆ ਅਧਿਕਾਰੀ ਨੇ ਦੱਸਿਆ ਕਿ ਪ੍ਰਦਰਸ਼ਨਕਾਰੀ ਮੁੱਖ ਦਰਵਾਜਾ ਤੋੜ ਕੇ ਅੰਦਰ ਦਾਖਲ ਹੋਏ ਪਰ ਦਫਤਰ ਜਾਂ ਇਮਾਰਤ ਦੇ ਅੰਦਰ ਜਾਣ ਦੀ ਬਜਾਏ ਕੰਪਲੈਕਸ ਦੇ ਬਗੀਚੇ ਵਿਚ ਰੁਕੇ। ਅਧਿਕਾਰੀ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਖਦੇੜਨ ਲਈ ਹਵਾ ਵਿਚ ਗੋਲੀ ਚਲਾਈ ਅਤੇ ਬਗਦਾਦ ਦੇ ਪੱਛਮ ਮਨਸੌਰ ਵਿਚ ਜਿੱਥੇ ਦੂਤਘਰ ਹੈ ਉੱਥੇ ਵਾਧੂ ਫੌਜੀ ਭੇਜੇ। ਕਰੀਬ ਇਕ ਘੰਟੇ ਬਾਅਦ ਇਰਾਕੀ ਅਤੇ ਫਿਲਸਤੀਨੀ ਝੰਡਾ ਲਈ ਕਰੀਬ 200 ਪ੍ਰਦਰਸ਼ਨਕਾਰੀ ਉੱਥੋਂ ਹਟ ਗਏ। ਅਧਿਕਾਰੀਆਂ ਨੇ ਕਿਹਾ ਕਿ ਮਿਸ਼ਨ ਨੂੰ ਧਮਕੀ ਮਿਲਣ ਦੇ ਬਾਅਦ ਬਹਿਰੀਨੀ ਕੂਟਨੀਤਕਾਂ ਨੂੰ ਕੰਪਲੈਕਸ ਤੋਂ ਹਟਾ ਕੇ ਸੁਰੱਖਿਅਤ ਗ੍ਰੀਨ ਜ਼ੋਨ ਵਿਚ ਭੇਜ ਦਿੱਤਾ ਗਿਆ ਸੀ।

Vandana

This news is Content Editor Vandana