ਈਰਾਨੀ ਨੇਤਾਵਾਂ ਨੂੰ ਆਪਣੇ ਦੇਸ਼ ਦੇ ਲੋਕਾਂ ਦੀ ਚਿੰਤਾ ਨਹੀਂ : ਟਰੰਪ

06/27/2019 2:05:59 PM

ਵਾਸ਼ਿੰਗਟਨ— ਅਮਰੀਕਾ ਅਤੇ ਈਰਾਨ 'ਚ ਵਧਦੇ ਤਣਾਅ ਵਿਚਕਾਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਕਿਹਾ ਕਿ ਈਰਾਨੀ ਨੇਤਾਵਾਂ ਨੂੰ ਆਪਣੇ ਲੋਕਾਂ ਦੀ ਚਿੰਤਾ ਨਹੀਂ ਹੈ। ਟਰੰਪ ਨੇ ਵ੍ਹਾਈਟ ਹਾਊਸ 'ਚ ਪੱਤਰਕਾਰਾਂ ਨੂੰ ਦੱਸਿਆ,''ਈਰਾਨ ਨੂੰ ਆਪਣੇ ਲੋਕਾਂ ਲਈ ਸਹੀ ਚੀਜ਼ਾਂ ਕਰਨੀਆਂ ਚਾਹੀਦੀਆਂ ਹਨ। ਸਮੱਸਿਆ ਇਹ ਹੈ ਕਿ ਮੈਨੂੰ ਇਹ ਨਹੀਂ ਲੱਗਦਾ ਕਿ ਉਨ੍ਹਾਂ ਦੇ ਨੇਤਾ ਆਪਣੇ ਲੋਕਾਂ ਦੀ ਚਿੰਤਾ ਕਰਦੇ ਹਨ। ਜੇਕਰ ਉਹ ਕਰਦੇ ਹਨ ਤਾਂ ਉਹ ਇਕ ਸਮਝੌਤਾ ਕਰਨਗੇ। ਜੇਕਰ ਨਹੀਂ ਤਾਂ ਉਹ ਸਿਰਫ ਆਪਣੇ ਬਾਰੇ 'ਚ ਸੋਚ ਰਹੇ ਹਨ ਅਤੇ ਉਹ ਸੁਆਰਥੀ ਹਨ ਅਤੇ ਜੇਕਰ ਉਹ ਅਜਿਹਾ ਕਰ ਰਹੇ ਹਨ ਤਾਂ ਉਹ ਬੇਵਕੂਫ ਹਨ।'' 

ਮੀਡੀਆ 'ਚ ਆਈਆਂ ਖਬਰਾਂ 'ਚ ਕਿਹਾ ਗਿਆ ਕਿ ਟਰੰਪ ਨੇ ਇਸ ਹਫਤੇ ਆਪਣੇ ਫੌਜੀ ਜਨਰਲਾਂ ਨੂੰ ਈਰਾਨ 'ਤੇ ਹਮਲਾ ਕਰਨ ਤੋਂ ਰੋਕ ਲਿਆ ਸੀ। ਈਰਾਨ ਨੂੰ ਲੈ ਕੇ ਸਖਤ ਰੁਖ਼ ਅਪਣਾਉਂਦੇ ਰਹੇ ਟਰੰਪ ਨੇ ਕਿਹਾ ਕਿ ਉਹ ਈਰਾਨ ਨਾਲ ਯੁੱਧ ਨਹੀਂ ਚਾਹੁੰਦੇ ਅਤੇ ਉਨ੍ਹਾਂ ਦੀ ਈਰਾਨੀ ਸਰਕਾਰ ਨਾਲ ਗੱਲਬਾਤ ਲਈ ਕੋਈ ਸ਼ਰਤ ਨਹੀਂ ਹੈ। ਇਕ ਪੱਤਰਕਾਰ ਨੇ ਜਦ ਪੁੱਛਿਆ ਕਿ ਕੀ ਗੇਂਦ ਹੁਣ ਈਰਾਨ ਦੇ ਪਾਲੇ 'ਚ ਹੈ ਤਾਂ ਉਨ੍ਹਾਂ ਕਿਹਾ,'' ਗੇਂਦ ਕਿਸੇ ਦੇ ਪਾਲੇ 'ਚ ਨਹੀਂ ਹੈ । ਤੁਸੀਂ ਜਾਣਦੇ ਹੋ, ਈਰਾਨ ਜੋ ਚਾਹੇ ਕਰ ਸਕਦਾ ਹੈ, ਉਹ ਠੀਕ ਹੈ। ਮੇਰੇ ਕੋਲ ਕਾਫੀ ਸਮਾਂ ਹੈ। ਪਰ ਉਨ੍ਹਾਂ ਦਾ ਦੇਸ਼ ਆਰਥਿਕ ਸੰਕਟ 'ਚ ਹੈ, ਇਹ ਹੁਣ ਇਕ ਆਰਥਿਕ ਆਫਤ ਹੈ। ਉਹ ਇਸ ਨੂੰ ਤੇਜ਼ੀ ਨਾਲ ਹੱਲ ਕਰ ਸਕਦੇ ਹਨ ਜਾਂ ਹੁਣ ਤੋਂ 10 ਸਾਲ ਬਾਅਦ ਹੱਲ ਕਰ ਸਕਦੇ ਹਨ, ਉਹ ਜੋ ਵੀ ਕਰਨ ਮੈਨੂੰ ਇਸ ਨਾਲ ਕੋਈ ਪ੍ਰੇਸ਼ਾਨੀ ਨਹੀਂ ਹੈ...ਮੇਰੇ ਕੋਲ ਸਮਾਂ ਹੀ ਸਮਾਂ ਹੈ।''