ਈਰਾਨ ਵਿਚ ਜ਼ਬਰਦਸਤ ਭੂਚਾਲ : ਮ੍ਰਿਤਕਾਂ ਦੀ ਗਿਣਤੀ ਹੋਈ 430, 6700 ਤੋਂ ਵਧ ਜ਼ਖਮੀ

11/14/2017 4:47:42 PM

ਤਹਿਰਾਨ (ਏ.ਐਫ.ਪੀ.)- ਈਰਾਨ-ਇਰਾਕ ਸਰਹੱਦ ਉੱਤੇ ਬੀਤੀ ਰਾਤ ਆਏ ਭਿਆਨਕ ਭੂਚਾਲ ਵਿਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 430 ਹੋ ਗਈ ਹੈ। ਸਰਕਾਰੀ ਮੀਡੀਆ ਨੇ ਕੋਰੋਨਰ ਦਫਤਰ ਦੇ ਹਵਾਲੇ ਤੋਂ ਦੱਸਿਆ ਕਿ 7.3 ਦੀ ਤੀਬਰਤਾ ਵਾਲੇ ਭੂਚਾਲ ਵਿਚ ਘੱਟੋ-ਘੱਟ 6700 ਲੋਕ ਜ਼ਖਮੀ ਹੋਏ ਹਨ। ਅਮਰੀਕੀ ਭੂ-ਵਿਗਿਆਨੀ ਸਰਵੇਖਣ ਮੁਤਾਬਕ 7.3 ਦੀ ਤੀਬਰਤਾ ਵਾਲੇ ਇਸ ਭੂਚਾਲ ਦਾ ਕੇਂਦਰ ਇਰਾਕੀ ਸ਼ਹਿਰ ਹਲਬਜ਼ਾ ਤੋਂ 31 ਕਿਲੋਮੀਟਰ ਦੂਰ ਸੀ, ਈਰਾਨ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਭੂਚਾਲ ਕਾਰਨ ਕਈ ਇਲਾਕਿਆਂ ਵਿਚ ਜਾਨਮਾਲ ਦਾ ਭਾਰੀ ਨੁਕਸਾਨ ਹੋਇਆ ਹੈ। ਯੂ. ਐਸ. ਜਿਓਲਾਜੀਕਲ ਸਰਵੇ ਦਾ ਕਹਿਣਾ ਹੈ ਕਿ ਈਰਾਨ  ਅਤੇ ਇਰਾਕ ਵਿਚਾਲੇ ਸਰਹੱਦੀ ਖੇਤਰ ਵਿਚ 7.2 ਦੀ ਤੀਬਰਤਾ ਵਾਲਾ ਭੂਚਾਲ ਆਇਆ।

ਈਰਾਨ ਦੇ ਸਰਕਾਰੀ ਮੀਡੀਆ ਨੇ ਦੱਸਿਆ ਹੈ ਕਿ ਭੂਚਾਲ ਦੇ ਤੇਜ਼ ਝਟਕਿਆਂ ਤੋਂ ਬਾਅਦ ਕਈ ਸ਼ਹਿਰਾਂ ਵਿਚ ਲੋਕ ਘਰਾਂ ਵਿਚੋਂ ਨਿਕਲ ਆਏ। ਕਈ ਥਾਵਾਂ ਉੱਤੇ ਬਿਜਲੀ ਦੀ ਸਪਲਾਈ ਪ੍ਰਭਾਵਿਤ ਹੋਈ। ਘਰਾਂ ਦੇ ਡਿੱਗਣ ਅਤੇ ਲੋਕਾਂ ਦੇ ਦਬ ਜਾਣ ਨਾਲ ਮੌਤਾਂ ਹੋਈਆਂ ਹਨ। ਇਰਾਕੀ ਕੁਰਦਿਸਤਾਨ ਵਿਚ ਵੀ ਭੂਚਾਲ ਦੇ ਝਟਕਿਆਂ ਤੋਂ ਬਾਅਦ ਲੋਕ ਦਹਿਸ਼ਤ ਵਿਚ ਘਰ ਛੱਡ ਕੇ ਬਾਹਰ ਭੱਜੇ। ਈਰਾਨ ਤੋਂ ਆਈ ਰਿਪੋਰਟ ਮੁਤਾਬਕ ਇਰਾਕ ਵਿਚ ਵੀ 6 ਤੋਂ 10 ਲੋਕਾਂ ਦੀ ਜਾਨ ਗਈ ਹੈ। ਹਾਲਾਂਕਿ ਇਰਾਕ ਤੋਂ ਜਾਨਮਾਲ ਦੇ ਨੁਕਸਾਨ ਦੀ ਕੋਈ ਪੁਖ਼ਤਾ ਖਬਰ ਨਹੀਂ ਹੈ। ਭੂਚਾਲ ਦਾ ਕੇਂਦਰ ਇਰਾਕ ਦੇ ਕਸਬੇ ਹਲਬਜ਼ਾ ਤੋਂ ਦੱਖਣੀ-ਪੱਛਮ ਵਿਚ 32 ਕਿਲੋਮੀਟਰ ਦੂਰ ਸੀ। ਫਿਲਹਾਲ ਮ੍ਰਿਤਕਾਂ ਦਾ ਅੰਕੜਾ ਲਗਾਤਾਰ ਵਧਦਾ ਹੀ ਜਾ ਰਿਹਾ ਹੈ।