ਈਰਾਨ ਜਹਾਜ਼ ਹਾਦਸਾ: ਮਾਰੇ ਗਏ ਪਾਇਲਟ ਦੀ ਪਤਨੀ ਨੇ ਸੁਣਾਇਆ ਆਪਣਾ ਦਰਦ

01/11/2020 1:33:02 PM

ਕੀਵ— ਈਰਾਨ 'ਚ ਯੂਕਰੇਨ ਦੇ ਜਹਾਜ਼ ਹਾਦਸੇ 'ਚ ਪਾਇਲਟ ਵੋਲੋਡਿਮਿਰ ਸਣੇ 176 ਲੋਕਾਂ ਦੀ ਮੌਤ ਹੋ ਗਈ। ਪਾਇਲਟ ਦੀ ਪਤਨੀ ਕੈਟਲੀਨਾ ਗੈਪੋਨੇਂਕੋ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਉਸ ਨੇ ਆਖਰੀ ਗੱਲਬਾਤ ਦੌਰਾਨ ਪਤੀ ਨੂੰ ਜਹਾਜ਼ ਨਾ ਉਡਾਣ ਦੀ ਅਪੀਲ ਕੀਤੀ ਸੀ। ਉਸ ਨੇ ਦੱਸਿਆ ਕਿ ਉਹ ਈਰਾਨ-ਅਮਰੀਕਾ ਵਿਚਕਾਰ ਛਿੜੀ ਲੜਾਈ ਕਾਰਨ ਬਹੁਤ ਪਰੇਸ਼ਾਨ ਸੀ ਪਰ ਉਸ ਦੇ ਪਤੀ ਨੇ ਉਸ ਦੀ ਗੱਲ ਨਾ ਮੰਨੀ। ਜਦ ਉਸ ਨੇ ਪਤੀ ਨੂੰ ਸਮਝਾਇਆ ਤਾਂ ਉਸ ਨੇ ਕਿਹਾ ਕਿ ਅਸੀਂ ਪਿੱਛੇ ਨਹੀਂ ਹਟ ਸਕਦੇ।
ਕੈਟਲੀਨਾ ਨੇ ਦੱਸਿਆ,''ਮੈਂ ਅਮਰੀਕਾ ਅਤੇ ਈਰਾਨ ਵਿਚਕਾਰ ਚੱਲ ਰਹੇ ਤਣਾਅ ਨੂੰ ਲੈ ਕੇ ਪਰੇਸ਼ਾਨ ਸੀ। ਉਸ ਦਿਨ ਮੈਂ ਆਪਣੇ ਪਤੀ ਦੀ ਚਿੰਤਾ ਰਹੀ ਸੀ। ਉਸ ਸਮੇਂ ਮੇਰਾ ਮਨ ਘਬਰਾ ਰਿਹਾ ਸੀ ਪਰ ਵੋਲੋਡਿਮਿਰ ਆਪਣੇ ਕਰਤੱਵ ਤੋਂ ਪਿੱਛੇ ਨਾ ਹਟੇ।

 

ਧੀਆਂ ਕਰ ਰਹੀਆਂ ਨੇ ਪਿਤਾ ਦੇ ਵਾਪਸ ਆਉਣ ਦਾ ਇੰਤਜ਼ਾਰ-
ਕੈਟਲੀਨਾ ਅਤੇ ਵੋਲੋਡਿਮਿਰ ਦੀਆਂ 6 ਅਤੇ 11 ਸਾਲਾ ਦੋ ਧੀਆਂ ਹਨ। ਕੈਟਲੀਨਾ ਮੁਤਾਬਕ ਬੱਚੀਆਂ ਨੂੰ ਸਮਝ ਨਹੀਂ ਆਇਆ ਕਿ ਅਜਿਹਾ ਕਿਉਂ ਹੋਇਆ ਪਰ ਉਨ੍ਹਾਂ ਨੂੰ ਅਜੇ ਵੀ ਉਮੀਦ ਹੈ ਕਿ ਉਨ੍ਹਾਂ ਦਾ ਪਿਤਾ ਵਾਪਸ ਆਵੇਗਾ। ਮੈਨੂੰ ਆਪਣੇ ਪਤੀ 'ਤੇ ਮਾਣ ਹੈ। ਉਸ ਦਾ ਕਹਿਣਾ ਹੈ ਕਿ ਦੋਹਾਂ ਦੇਸ਼ਾਂ ਦੇ ਤਣਾਅ ਵਿਚਕਾਰ ਉਡਾਣ ਭਰਨ ਦੀ ਇਜਾਜ਼ਤ ਨਹੀਂ ਦੇਣੀ ਚਾਹੀਦੀ ਸੀ।

ਜ਼ਿਕਰਯੋਗ ਹੈ ਕਿ ਅੱਜ ਭਾਵ ਸ਼ਨੀਵਾਰ ਨੂੰ ਈਰਾਨ ਸਰਕਾਰ ਨੇ ਆਪਣੀ ਗਲਤੀ ਮੰਨ ਲਈ ਹੈ ਕਿ ਉਨ੍ਹਾਂ ਦੀ ਗਲਤੀ ਕਾਰਨ ਇਹ ਜਹਾਜ਼ ਹਾਦਸਾਗ੍ਰਸਤ ਹੋਇਆ ਤੇ ਕਈ ਲੋਕਾਂ ਦੀ ਜਾਨ ਗਈ। ਯੂਕਰੇਨ ਦਾ ਜਹਾਜ਼ ਬੁੱਧਵਾਰ ਨੂੰ ਹਾਦਸਾਗ੍ਰਸਤ ਹੋਇਆ ਸੀ, ਜਿਸ 'ਚ 82 ਈਰਾਨੀ, 63 ਕੈਨੇਡੀਅਨ, 11 ਯੂਕਰੇਨੀ, 10 ਸਵੀਡਿਸ਼ ਅਤੇ ਜਰਮਨੀ-ਬ੍ਰਿਟੇਨ ਦੇ 3-3 ਨਾਗਰਿਕਾਂ ਦੀ ਮੌਤ ਹੋ ਗਈ ਸੀ। ਜਹਾਜ਼ ਬੋਇੰਗ 737-800 ਉਡਾਣ ਭਰਨ ਦੇ 3 ਮਿੰੰਟ ਬਾਅਦ ਹੀ ਇਮਾਮ ਖੋਮੇਨੀ ਏਅਰਪੋਰਟ ਤੋਂ ਕੁਝ ਹੀ ਦੂਰੀ 'ਤੇ ਡਿੱਗ ਗਿਆ ਸੀ।