ਈਰਾਨ ਨੇ ਆਸਟ੍ਰੇਲੀਆ ਦੀ ਲੈਕਚਰਾਰ ਨੂੰ ਕੀਤਾ ਰਿਹਾਅ, ਪੀ.ਐੱਮ. ਮੌਰੀਸਨ ਨੇ ਕਹੀ ਇਹ ਗੱਲ

11/26/2020 3:24:25 PM

ਤੇਹਰਾਨ/ਸਿਡਨੀ (ਬਿਊਰੋ): ਆਸਟ੍ਰੇਲੀਆ ਅਤੇ ਈਰਾਨ ਨੇ ਕਥਿਤ ਤੌਰ 'ਤੇ ਆਪਣੇ ਇੱਥੇ ਕੈਦ ਇਕ-ਦੂਜੇ ਦੇ ਨਾਗਰਿਕਾਂ ਨੂੰ ਰਿਹਾਅ ਕੀਤਾ ਹੈ। ਇਸ ਅਦਲਾ-ਬਦਲੀ ਵਿਚ ਆਸਟ੍ਰੇਲੀਆ ਦੀ 33 ਸਾਲਾ ਅਕਾਦਮਿਕ ਕਾਇਲੀ ਮੂਰ-ਗਿਲਬਰਟ ਵੀ ਰਿਹਾਅ ਕੀਤੀ ਗਈ ਹੈ। ਉਹਨਾਂ ਦੀ ਰਿਹਾਈ 'ਤੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਰਾਹਤ ਮਿਲਣ ਦੀ ਗੱਲ ਕਹੀ। ਗਿਲਬਰਟ ਨੂੰ ਜਾਸੂਸੀ ਦੇ ਦੇਸ਼ ਵਿਚ 2 ਸਾਲ ਤੋਂ ਵੱਧ ਸਮੇਂ ਦੇ ਲਈ ਜੇਲ੍ਹ ਵਿਚ ਬੰਦ ਕਰ ਦਿੱਤਾ ਗਿਆ ਸੀ। ਆਸਟ੍ਰੇਲੀਆ ਨੇ ਵੀ ਈਰਾਨ ਦੇ 3 ਨਾਗਰਿਕਾਂ ਨੂੰ ਰਿਹਾਅ ਕੀਤਾ ਹੈ। ਭਾਵੇਂਕਿ ਮੌਰੀਸਨ ਨੇ 'ਐਕਸਚੇਂਜ' ਦੀ ਪੁਸ਼ਟੀ ਨਹੀਂ ਕੀਤੀ ਹੈ। ਅਸਲ ਵਿਚ ਅਜਿਹੇ ਦੋਸ਼ ਲੱਗਦੇ ਰਹੇ ਹਨ ਕਿ ਈਰਾਨ ਪੱਛਮੀ ਦੇਸ਼ਾਂ ਤੋਂ ਆਪਣੀ ਮੰਗ ਪੂਰੀ ਕਰਾਉਣ ਲਈ ਉਹਨਾਂ ਦੇ ਨਾਗਰਿਕਾਂ ਨੂੰ ਕੈਦ ਕਰ ਲੈਂਦਾ ਹੈ ਅਤੇ ਇਹ ਐਕਸਚੇਂਜ ਵੀ ਇਸੇ ਲਈ ਕੀਤਾ ਗਿਆ।

ਕਾਨਫਰੰਸ ਲਈ ਗਈ ਸੀ ਗਿਲਬਰਟ
ਗਿਲਬਰਟ ਨੇ ਆਪਣੀ ਰਿਹਾਈ ਦੇ ਲਈ ਆਸਟ੍ਰੇਲੀਆ ਦੀ ਸਰਕਾਰ ਅਤੇ ਡਿਪਲੋਮੈਟਾਂ ਦੇ ਨਾਲ ਉਹਨਾਂ ਸਮਰਥਕਾਂ ਦਾ ਵੀ ਧੰਨਵਾਦ ਕੀਤਾ ਜਿਹਨਾਂ ਨੇ ਉਹਨਾਂ ਦੀ ਆਜ਼ਾਦੀ ਦੇ ਲਈ ਅੰਦੋਲਨ ਜਾਰੀ ਰੱਖਿਆ ਸੀ। ਗਿਲਬਰਟ ਨੇ ਕਿਹਾ ਕਿ ਉਹਨਾਂ ਦੇ ਮਨ ਵਿਚ ਈਰਾਨ ਅਤੇ ਉੱਥੋਂ ਦੇ ਬਹਾਦੁਰ ਲੋਕਾਂ ਦੇ ਲਈ ਸਨਮਾਨ ਅਤੇ ਪਿਆਰ ਹੈ। ਗਿਲਬਰਟ ਮੈਲਬੌਰਨ ਯੂਨੀਵਰਸਿਟੀ ਵਿਚ ਮਿਡਲ ਈਸਟਰਨ ਸਟੱਡੀਜ਼ ਦੀ ਲੈਕਚਰਾਰ ਸੀ। ਉਹ 2018 ਵਿਚ ਅਕਾਦਮਿਕ ਕਾਨਫਰੰਸ ਦੇ ਲਈ ਤੇਹਰਾਨ ਗਈ ਸੀ ਅਤੇ ਵਾਪਸ ਜਾਂਦੇ ਸਮੇਂ ਉਹਨਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਉਹਨਾਂ ਨੂੰ ਜਾਸੂਸੀ ਦੇ ਦੋਸ਼ ਵਿਚ 10 ਸਾਲ ਦੀ ਸਜ਼ਾ ਦੇ ਕੇ ਬਦਨਾਮ ਐਵਿਨ ਜੇਲ੍ਹ ਭੇਜ ਦਿੱਤਾ ਗਿਆ।

ਇਸ ਲਈ ਈਰਾਨ 'ਤੇ ਲੱਗੇ ਦੋਸ਼
ਗਿਲਬਰਟ ਦੇ ਇਲਾਵਾ ਪੱਛਮੀ ਦੇਸ਼ਾਂ ਦੇ ਕਈ ਨਾਗਰਿਕਾਂ ਨੂੰ ਈਰਾਨ ਵਿਚ ਜਾਸੂਸੀ ਦੇ ਦੋਸ਼ ਵਿਚ ਕੈਦ ਕਰ ਲਿਆ ਜਾਂਦਾ ਹੈ। ਸੰਯੁਕਤ ਰਾਸ਼ਟਰ ਦੇ ਜਾਂਚ ਕਰਤਾਵਾਂ ਦਾ ਮੰਨਣਾ ਹੈ ਕਿ ਅਜਿਹਾ ਜਾਣਬੁੱਝ ਕੇ ਪੈਸੇ ਜਾਂ ਪੱਛਮ ਤੋਂ ਕਿਸੇ ਹੋਰ ਤਰ੍ਹਾਂ ਦੀ ਮੰਗ ਮਨਵਾਉਣ ਲਈ ਕੀਤਾ ਜਾਂਦਾ ਹੈ। ਤੇਹਰਾਨ ਇਸ ਦਾਅਵੇ ਦਾ ਖੰਡਨ ਕਰਦਾ ਆਇਆ ਹੈ। ਗਿਲਬਰਟ ਨੇ ਮੌਰੀਸਨ ਨੂੰ ਲਿਖੇ ਆਪਣੇ ਪੱਤਰ ਵਿਚ ਕਿਹਾ ਹੈ ਕਿ ਉਹਨਾਂ ਨੂੰ ਆਸਟ੍ਰੇਲੀਆ ਦੀ ਸਰਕਾਰ ਤੋਂ ਬਦਲੇ ਵਿਚ ਕੁਝ ਮੰਗਣ ਦੇ ਲਈ ਜੇਲ੍ਹ ਭੇਜ ਦਿੱਤਾ ਗਿਆ ਸੀ।

ਗਿਲਬਰਟ ਨੇ ਤਸੀਹੇ ਦਿੱਤੇ ਜਾਣ ਦਾ ਕੀਤਾ ਖੁਲਾਸਾ
ਗਿਲਬਰਟ ਨੂੰ ਰਿਹਾਅ ਕਰਨ ਲਈ ਈਰਾਨ ਦੇ ਉੱਪਰ ਅੰਤਰਰਾਸ਼ਟਰੀ ਦਬਾਅ ਵੱਧਦਾ ਜਾ ਰਿਹਾ ਸੀ। ਉਹ ਕਈ ਵਾਰ ਭੁੱਖ ਹੜਤਾਲ 'ਤੇ ਗਈ ਅਤੇ ਕਈ ਵਾਰ ਲੰਬੇ ਸਮੇਂ ਦੇ ਲਈ ਇਕੱਲੇ ਕੈਦ ਵਿਚ ਰੱਖੇ ਜਾਣ 'ਤੇ ਉਹਨਾਂ ਦੀ ਸਿਹਤ ਵਿਗੜਨ ਲੱਗੀ। ਦੇਸ਼ ਦੀਆਂ ਕੈਦੀਆਂ ਨਾਲ ਭਰੀਆਂ ਜੇਲ੍ਹਾਂ ਵਿਚ ਕੋਰੋਨਾਵਾਇਰਸ ਫ਼ੈਲਣ ਦਾ ਖਤਰਾ ਵੱਧਣ ਲੱਗਾ ਤਾਂ ਗਿਲਬਰਟ ਨੂੰ ਕਾਰਚਕ ਜੇਲ੍ਹ ਭੇਜ ਦਿੱਤਾ ਗਿਆ। ਉਹਨਾਂ ਨੇ ਆਸਟ੍ਰੇਲੀਆ ਦੀ ਸਰਕਾਰ ਤੋਂ ਆਪਣੀ ਰਿਹਾਈ ਲਈ ਹੋਰ ਮਿਹਨਤ ਕਰਨ ਦੀ ਅਪੀਲ ਕੀਤੀ। ਗਿਲਬਰਟ ਨੇ ਕਿਹਾ ਕਿ ਉਹਨਾਂ ਦੇ ਅਧਿਕਾਰਾਂ ਦਾ ਘਾਣ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਨੂੰ ਮਾਨਸਿਕ ਤਸੀਹੇ ਦਿੱਤੇ ਜਾ ਰਹੇ ਹਨ।

ਪੜ੍ਹੋ ਇਹ ਅਹਿਮ ਖਬਰ- ਦੁਨੀਆ ਦੇ ਸਭ ਤੋ ਮਹਿੰਗੇ ਹੈਂਡਬੈਗ ਨੂੰ ਜਲਦ ਇਟਲੀ ਦਾ ਬ੍ਰਾਂਡ ਕਰ ਰਿਹਾ ਲਾਂਚ

ਰਿਹਾਅ ਕੀਤੇ ਗਏ ਈਰਾਨੀ ਨਾਗਰਿਕ
ਗਿਲਬਰਟ ਨੂੰ ਹਿਰਾਸਤ ਵਿਚ ਲੈਣ ਨਾਲ ਈਰਾਨ ਅਤੇ ਪੱਛਮ ਦੇ ਵਿਚ ਤਣਾਅ ਵੱਧ ਗਿਆ ਸੀ। ਅਮਰੀਕਾ ਨੇ ਬਗਦਾਦ ਵਿਚ ਇਕ ਚੋਟੀ ਦੇ ਈਰਾਨੀ ਜਨਰਲ ਨੂੰ ਮਾਰ ਦਿੱਤਾ ਸੀ ਜਿਸ ਦੇ ਜਵਾਬ ਵਿਚ ਈਰਾਨ ਨੇ ਅਮਰੀਕਾ ਦੇ ਮਿਲਟਰੀ ਬੇਸ 'ਤੇ ਹਮਲਾ ਕਰ ਦਿੱਤਾ ਸੀ। ਈਰਾਨ ਦੇ ਟੀਵੀ ਫੁਟੇਜ ਜਾਰੀ ਕੀਤਾ, ਜਿਸ ਵਿਚ ਹਿਜਾਬ ਪਹਿਨੇ ਗਿਲਬਰਟ ਵ੍ਹਾਈਟ ਏਅਰਕ੍ਰਾਫਟ ਵਿਚ ਬੈਠਦੀ ਦਿਖਾਈ ਗਈ। ਉੱਥੇ ਜਿਹੜੇ ਈਰਾਨੀ ਨਾਗਰਿਕਾਂ ਨੂੰ ਛੱਡਿਆ ਗਿਆ ਹੈ ਉਹਨਾਂ ਨੂੰ 'ਇਕਨਾਮਿਕ ਐਕਟੀਵਿਸਟ' ਦੱਸਿਆ ਗਿਆ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹਨਾਂ ਦੀ ਪਛਾਣ ਲੁਕਾਉਣ ਲਈ ਉਹਨਾਂ ਨੂੰ ਬੇਸਬਾਲ ਕੈਪ, ਸਰਜੀਕਲ ਮਾਸਕ ਅਤੇ ਆਊਟਫਿਟ ਪਵਾਏ ਗਏ।

Vandana

This news is Content Editor Vandana