ਈਰਾਨ ਤੋਂ 1.15 ਲੱਖ ਲੋਕਾਂ ਦੀ 'ਕਾਬੁਲ' ‘ਚ ਘਰ ਵਾਪਸੀ, 3.4 ਕਰੋੜ ਲੋਕਾਂ ‘ਤੇ ਖਤਰਾ

03/28/2020 11:16:44 AM

ਕਾਬੁਲ : ਈਰਾਨ ਵਿਚ ਕੋਰੋਨਾ ਵਾਇਰਸ ਕਾਰਨ ਹੁਣ ਤਕ 2,378 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹ ਕੋਰੋਨਾ ਵਾਇਰਸ ਦਾ ਸਭ ਤੋਂ ਪ੍ਰਭਾਵਿਤ 6ਵਾਂ ਦੇਸ਼ ਹੈ। ਅਜਿਹੇ ਵਿਚ ਇੱਥੇ ਰਹਿ ਰਹੇ ਅਫਗਾਨਿਸਤਾਨ ਦੇ ਲੋਕ ਆਪਣੇ ਦੇਸ਼ ਪਰਤ ਰਹੇ ਹਨ। 

8 ਮਾਰਚ ਤੋਂ 21 ਮਾਰਚ ਤਕ ਈਰਾਨ ਤੋਂ ਤਕਰੀਬਨ 1.15 ਲੱਖ ਲੋਕ ਅਫਗਾਨਿਸਤਾਨ ਪਰਤ ਚੁੱਕੇ ਹਨ। ਰਿਪੋਰਟਾਂ ਹਨ ਕਿ ਇਨ੍ਹਾਂ ਵਿਚੋਂ ਸਿਰਫ 10 ਫੀਸਦੀ ਲੋਕਾਂ ਦੀ ਹੀ ਸਕਰੀਨਿੰਗ ਹੋਈ ਹੈ। ਇਨ੍ਹਾਂ ਲੱਖਾਂ ਲੋਕਾਂ ਨੂੰ ‘ਕੋਰੋਨਾ ਦਾ ਸੁਪਰਸਪਰੈਡਰ’ ਮੰਨਿਆ ਜਾ ਰਿਹਾ ਹੈ, ਯਾਨੀ ਕਿ ਅਫਗਾਨਿਸਤਾਨ ਵਿਚ ਗੰਭੀਰ ਸਥਿਤੀ ਪੈਦਾ ਹੋ ਸਕਦੀ ਹੈ। ਇਹ ਲੋਕ ਹੈਰਾਤ ਸੂਬੇ ਦੇ ਰਸਤਿਓਂ ਦਾਖਲ ਹੋਏ ਹਨ। ਇੱਥੇ ਹੁਣ ਤਕ 58 ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ ਅਤੇ ਪੂਰੇ ਦੇਸ਼ ਵਿਚ 110 ਮਾਮਲੇ ਹੋ ਗਏ ਹਨ। ਇਨ੍ਹਾਂ ਵਿਚੋਂ 4 ਦੀ ਮੌਤ ਹੋ ਚੁੱਕੀ ਹੈ। ਅਫਗਾਨਿਸਤਾਨ ਵਿਚ ਕੋਵਿਡ-19 ਦੇ ਮਾਮਲੇ ਇਸ ਕਰਕੇ ਘੱਟ ਹਨ ਕਿਉਂਕਿ ਇੱਥੇ ਪੂਰੀ ਜਾਂਚ ਨਹੀਂ ਹੋ ਰਹੀ ਹੈ, ਯਾਨੀ ਚੁੱਪ-ਚਪੀਤੇ ਖਤਰਾ ਵੱਧ ਰਿਹਾ ਹੈ।

3.4 ਕਰੋੜ ਲੋਕਾਂ ‘ਤੇ ਕੋਰੋਨਾ ਦਾ ਖਤਰਾ
ਸਿਹਤ ਮੰਤਰੀ ਫਿਰੋਜ਼ਉਦੀਨ ਫਿਰੋਜ਼ ਮੁਤਾਬਕ ਸਰਕਾਰ ਦਾ ਅੰਦਾਜ਼ਾ ਹੈ ਕਿ ਈਰਾਨ ਤੋਂ ਆਏ ਲੋਕਾਂ ਕਾਰਨ ਦੇਸ਼ ਭਰ ਵਿਚ ਤਕਰੀਬਨ 3.4 ਕਰੋੜ ਲੋਕਾਂ ‘ਤੇ ਕੋਰੋਨਾ ਦਾ ਖਤਰਾ ਹੈ। ਹਾਲਾਤ ਕਾਬੂ ਨਾ ਕੀਤੇ ਗਏ ਤਾਂ ਇਸ ਕਾਰਨ 1.10 ਲੱਖ ਲੋਕ ਮਾਰੇ ਜਾਣਗੇ। ਓਧਰ ਰਾਸ਼ਟਰਪਤੀ ਅਸ਼ਰਫ ਗਨੀ ਨੇ ਭੀੜ ਨਾ ਕਰਨ ਦੀ ਅਪੀਲ ਕੀਤੀ ਹੈ ਪਰ ਲੋਕ ਨਹੀਂ ਮੰਨ ਰਹੇ।

ਓਧਰ ਜਾਪਾਨ, ਰੂਸ ਅਤੇ ਸਿੰਗਾਪੁਰ ਜਿਹੇ ਘੱਟ ਪ੍ਰਭਾਵਿਤ ਦੇਸ਼ਾਂ ਵਿਚ ਵੀ ਸਖਤੀ ਸ਼ੁਰੂ ਹੋ ਗਈ ਹੈ। ਮਾਸਕੋ ‘ਚ ਫੂਡ ਅਤੇ ਦਵਾਈਆਂ ਦੀਆਂ ਦੁਕਾਨਾਂ ਨੂੰ ਛੱਡ ਕੇ ਸੰਸਥਾਨਾਂ ਨੂੰ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ। ਹੁਣ ਤਕ ਦੁਨੀਆ ਭਰ ਵਿਚ 26,000 ਲੋਕਾਂ ਦੀ ਮੌਤ ਹੋ ਚੁੱਕੀ ਹੈ। ਰਿਪੋਰਟਾਂ ਮੁਤਾਬਕ, ਈਰਾਨ ਤੋਂ ਅਫਗਾਨਿਸਤਾਨ ਵਾਪਸ ਪਰਤ ਰਹੇ ਜ਼ਿਆਦਾਤਰ ਲੋਕ ਹੈਰਾਤ ਸ਼ਹਿਰ ਦੇ ਤੰਗ ਹੋਟਲ ਤੇ ਹਾਸਟਲ ਵਿਚ ਰੁਕੇ ਹਨ। ਹੈਰਾਤ ਸੂਬੇ ਦੇ ਗਵਰਨਰ ਕਿਊਮ ਰਹੀਮੀ ਨੇ ਕਿਹਾ ਕਿ ਇੱਥੇ ਹੈਲਥ ਵਰਕਰ, ਮਾਸਕ ਅਤੇ ਥਰਮਾਮੀਟਰਾਂ ਦੀ ਕਮੀ ਹੈ। ਨਾਮਮਾਤਰ ਦੀ ਜਾਂਚ ਹੀ ਕੀਤੀ ਗਈ ਹੈ ਤੇ ਜ਼ਿਆਦਾਤਰ ਲੋਕਾਂ ਵਿਚ ਫਲੂ ਦੇ ਲੱਛਣ ਦਿਖਾਈ ਦੇ ਰਹੇ ਹਨ।

Lalita Mam

This news is Content Editor Lalita Mam