ਅੱਖਾਂ ਸਾਹਮਣੇ ਪਰਿਵਾਰ ਦੇ 10 ਮੈਂਬਰਾਂ ਦੀਆਂ ਲਾਸ਼ਾਂ ਦੇਖ ਔਰਤ ਦਾ ਵਲੂੰਧਰ ਗਿਆ ਦਿਲ, ਕੀਤੀ ਅਪੀਲ

11/15/2017 3:59:59 PM

ਅੰਕਾਰਾ,(ਬਿਊਰੋ)— ਇਰਾਕ-ਈਰਾਨ ਦੀ ਸਰਹੱਦ 'ਤੇ ਆਏ ਭੂਚਾਲ ਨੇ ਹੁਣ ਤਕ 530 ਲੋਕਾਂ ਦੀ ਜਾਨ ਲੈ ਲਈ ਹੈ। ਬਹੁਤ ਸਾਰੇ ਲੋਕ ਅਜੇ ਵੀ ਜ਼ਿੰਦਗੀ ਤੇ ਮੌਤ ਵਿਚਕਾਰ ਲੜ ਰਹੇ ਹਨ। ਭੂਚਾਲ 'ਚ ਕਈ ਘਰ ਬਰਬਾਦ ਹੋ ਗਏ ਹਨ ਅਤੇ ਲੋਕਾਂ ਨੂੰ ਖੁੱਲ੍ਹੇ ਆਸਮਾਨ ਹੇਠਾਂ ਰਹਿਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਮਰੀਅਮ ਅਹਾਂਗ ਨਾਂ ਦੀ ਇਕ ਔਰਤ ਨੇ ਦੱਸਿਆ ਕਿ ਉਸ ਨੇ ਭੂਚਾਲ 'ਚ ਆਪਣੇ ਪਰਿਵਾਰ ਦੇ 10 ਮੈਂਬਰਾਂ ਨੂੰ ਗੁਆ ਲਿਆ। ਉਸ ਨੇ ਕਿਹਾ ਕਿ ਇੱਥੇ ਸਭ ਲੋਕ ਆਪਣੇ ਪਰਿਵਾਰਾਂ ਤੇ ਘਰਾਂ ਦੀ ਬਰਬਾਦੀ ਕਾਰਨ ਰੋ ਰਹੇ ਹਨ। ਅਜਿਹੇ 'ਚ ਪ੍ਰਸ਼ਾਸਨ ਵਲੋਂ ਉਨ੍ਹਾਂ ਨੂੰ ਮਦਦ ਨਹੀਂ ਦਿੱਤੀ ਜਾ ਰਹੀ। ਮਰੀਅਮ ਨੇ ਕਿਹਾ,'ਅਸੀਂ ਸਾਰੇ ਭੁੱਖੇ ਹਾਂ ਅਤੇ ਠੰਡ ਕਾਰਨ ਸਭ ਦਾ ਬੁਰਾ ਹਾਲ ਹੈ। ਸਾਡੇ ਕੋਲ ਰਹਿਣ ਦਾ ਕੋਈ ਟਿਕਾਣਾ ਨਹੀਂ ਹੈ ਅਤੇ ਮੈਂ ਕੱਲ ਰਾਤ ਤੋਂ ਖੁੱਲ੍ਹੀ ਪਾਰਕ 'ਚ ਸੌਂ ਰਹੀ ਹਾਂ।'' ਭੂਚਾਲ ਕਾਰਨ 30 ਹਜ਼ਾਰ ਘਰ ਬਰਬਾਦ ਹੋ ਗਏ ਅਤੇ 24 ਪਿੰਡ ਜ਼ਮੀਨ 'ਚ ਧੱਸ ਗਏ।


ਇਰਾਨ ਦੇ ਸਰਵਉੱਚ ਧਾਰਮਿਕ ਨੇਤਾ ਅਯਾਤੁੱਲਾ ਅਲੀ ਖਮੈਣੀ ਨੇ ਕੱਲ ਸਾਰੀਆਂ ਏਜੰਸੀਆਂ ਨੂੰ ਰਾਹਤ ਕਾਰਜਾਂ 'ਚ ਤੇਜ਼ੀ ਲਿਆਉਣ ਦਾ ਹੁਕਮ ਦਿੱਤਾ। ਰਾਸ਼ਟਰਪਤੀ ਹਸਨ ਰੋਹਾਨੀ ਨੇ ਭੂਚਾਲ ਨਾਲ ਪ੍ਰਭਾਵਿਤ ਇਲਾਕੇ ਦਾ ਦੌਰਾ ਕਰਨ ਮਗਰੋਂ ਕਿਹਾ ਸੀ ਕਿ ਜਲਦੀ ਤੋਂ ਜਲਦੀ ਇਨ੍ਹਾਂ ਸਮੱਸਿਆਵਾਂ ਨੂੰ ਸੁਲਝਾ ਲਿਆ ਜਾਵੇਗਾ। ਹਜ਼ਾਰਾਂ ਲੋਕ ਅਜੇ ਵੀ ਅਸਥਾਈ ਕੈਂਪਾਂ 'ਚ ਰਹਿ ਰਹੇ ਹਨ।ਸਰਕਾਰੀ ਮਦਦ ਨੂੰ ਤੇਜ਼ ਕਰਨ ਲਈ ਲੋਕ ਅਪੀਲ ਕਰ ਰਹੇ ਹਨ।