ਈਰਾਨ ਨੇ ਸਾਬਕਾ ਈਰਾਨੀ-ਬ੍ਰਿਟਿਸ਼ ਅਧਿਕਾਰੀ ਨੂੰ ਜਾਸੂਸੀ ਦੇ ਦੋਸ਼ 'ਚ ਦਿੱਤੀ ਫਾਂਸੀ

01/14/2023 12:57:29 PM

ਦੁਬਈ (ਏਜੰਸੀ): ਈਰਾਨ ਨੇ ਸ਼ਨੀਵਾਰ ਨੂੰ ਕਿਹਾ ਕਿ ਉਸ ਨੇ ਰੱਖਿਆ ਮੰਤਰਾਲੇ ਵਿਚ ਕੰਮ ਕਰ ਚੁੱਕੇ ਦੋਹਰੀ ਨਾਗਰਿਕਤਾ ਰੱਖਣ ਵਾਲੇ ਈਰਾਨੀ-ਬ੍ਰਿਟਿਸ਼ ਨਾਗਰਿਕ ਨੂੰ ਮੌਤ ਦੀ ਸਜ਼ਾ ਦੇ ਦਿੱਤੀ ਹੈ। ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨਾਂ ਦੌਰਾਨ ਈਰਾਨ ਦੇ ਇੱਕ ਈਰਾਨੀ-ਬ੍ਰਿਟਿਸ਼ ਨਾਗਰਿਕ ਨੂੰ ਫਾਂਸੀ ਦੇਣ ਦੇ ਫ਼ੈਸਲੇ ਦੀ ਅੰਤਰਰਾਸ਼ਟਰੀ ਪੱਧਰ 'ਤੇ ਕਾਫੀ ਆਲੋਚਨਾ ਹੋਈ ਹੈ। ਈਰਾਨ ਦੀ ਨਿਆਂਪਾਲਿਕਾ ਨਾਲ ਜੁੜੀ ‘ਮੀਜ਼ਾਨ’ ਨਿਊਜ਼ ਏਜੰਸੀ ਨੇ ਅਲੀਰੇਜ਼ਾ ਅਕਬਰੀ ਨੂੰ ਫਾਂਸੀ ਦੇਣ ਦਾ ਐਲਾਨ ਕੀਤਾ। ਫਾਂਸੀ ਕਦੋਂ ਦਿੱਤੀ ਗਈ, ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਉਸ ਨੂੰ ਕੁਝ ਦਿਨ ਪਹਿਲਾਂ ਹੀ ਫਾਂਸੀ ਦਿੱਤੀ ਗਈ ਸੀ। 

ਪੜ੍ਹੋ ਇਹ ਅਹਿਮ ਖ਼ਬਰ- ਫਰਵਰੀ ਤੋਂ ਹੋਰ ਮਹਿੰਗੇ ਹੋਣਗੇ ਬ੍ਰਿਟੇਨ ਦੇ 'ਪਾਸਪੋਰਟ', ਇੰਨੀ ਵਧੀ ਫ਼ੀਸ

ਈਰਾਨ ਨੇ ਬਿਨਾਂ ਸਬੂਤ ਪੇਸ਼ ਕੀਤੇ ਅਕਬਰੀ 'ਤੇ ਜਾਸੂਸੀ ਦਾ ਦੋਸ਼ ਲਗਾਇਆ ਸੀ ਕਿ ਉਹ ਬ੍ਰਿਟੇਨ ਦੀ MI-6 ਖੁਫੀਆ ਏਜੰਸੀ ਲਈ ਜਾਸੂਸ ਸੀ। ਈਰਾਨ ਨੇ ਅਕਬਰੀ ਦੀ ਇੱਕ ਭਾਰੀ ਸੰਪਾਦਿਤ ਵੀਡੀਓ ਨੂੰ ਪ੍ਰਸਾਰਿਤ ਕੀਤਾ। ਸਮਾਜਿਕ ਕਾਰਕੁਨਾਂ ਨੇ ਇਸ ਵੀਡੀਓ ਨੂੰ ਜ਼ਬਰਦਸਤੀ ਕਬੂਲਨਾਮਾ ਕਰਾਰ ਦਿੱਤਾ ਹੈ। ਸ਼ੁੱਕਰਵਾਰ ਨੂੰ ਅਮਰੀਕੀ ਵਿਦੇਸ਼ ਵਿਭਾਗ ਦੇ ਉਪ ਬੁਲਾਰੇ ਵੇਦਾਂਤ ਪਟੇਲ ਨੇ ਅਕਬਰੀ ਦੀ ਫਾਂਸੀ ਦੀ ਆਲੋਚਨਾ ਕੀਤੀ। ਉਹਨਾਂ ਮੁਤਾਬਕ ਅਲੀ ਰਜ਼ਾ ਅਕਬਰੀ ਵਿਰੁੱਧ ਦੋਸ਼ ਅਤੇ ਉਸ ਦੀ ਮੌਤ ਦੀ ਸਜ਼ਾ ਰਾਜਨੀਤੀ ਤੋਂ ਪ੍ਰੇਰਿਤ ਹੈ। ਉਸ ਦੀ ਫਾਂਸੀ ਬੇਇਨਸਾਫ਼ੀ ਹੈ। ਅਸੀਂ ਇਨ੍ਹਾਂ ਰਿਪੋਰਟਾਂ ਤੋਂ ਬਹੁਤ ਦੁਖੀ ਹਾਂ ਕਿ ਅਕਬਰੀ ਨੂੰ ਹਿਰਾਸਤ ਵਿੱਚ ਨਸ਼ੀਲੀ ਦਵਾਈ ਦਿੱਤੀ ਗਈ ਸੀ, ਹਿਰਾਸਤ ਵਿੱਚ ਤਸੀਹੇ ਦਿੱਤੇ ਗਏ ਸਨ, ਹਜ਼ਾਰਾਂ ਘੰਟੇ ਪੁੱਛਗਿੱਛ ਕੀਤੀ ਗਈ ਸੀ ਅਤੇ ਝੂਠੇ ਇਕਬਾਲ ਕਰਨ ਲਈ ਮਜਬੂਰ ਕੀਤਾ ਗਿਆ ਸੀ। ਬੇਇਨਸਾਫ਼ੀ, ਜ਼ਬਰਦਸਤੀ ਇਕਬਾਲੀਆ ਬਿਆਨ ਅਤੇ ਸਿਆਸੀ ਤੌਰ 'ਤੇ ਪ੍ਰੇਰਿਤ ਫਾਂਸੀ ਦੀ ਪ੍ਰਥਾ ਪੂਰੀ ਤਰ੍ਹਾਂ ਅਸਵੀਕਾਰਨਯੋਗ ਹੈ ਅਤੇ ਇਸਨੂੰ ਖ਼ਤਮ ਕੀਤਾ ਜਾਣਾ ਚਾਹੀਦਾ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana