ਈਰਾਨ 'ਚ ਹਿਜਾਬ ਨਾ ਪਾਉਣ 'ਤੇ 16 ਸਾਲਾ ਕੁੜੀ ਦੀ ਬੇਰਹਿਮੀ ਨਾਲ ਕੁੱਟਮਾਰ, ਫਿਲਹਾਲ ਕੋਮਾ 'ਚ

10/04/2023 1:18:37 PM

ਤਹਿਹਾਨ- ਈਰਾਨ ਦਾ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਈਰਾਨ ਵਿੱਚ ਇੱਕ ਵਾਰ ਫਿਰ ਅਜਿਹਾ ਹਿਜਾਬ ਨਾ ਪਹਿਨਣ ਕਾਰਨ ਇਕ 16 ਸਾਲਾ ਕੁੜੀ ਦੀ ਕੁੱਟਮਾਰ ਕੀਤੀ ਗਈ ਹੈ। ਇਲਜ਼ਾਮ ਹੈ ਕਿ ਈਰਾਨ ਦੀ ਨੈਤਿਕ ਪੁਲਸ ਦੁਆਰਾ ਕੁੱਟਮਾਰ ਦੇ ਬਾਅਦ 16 ਸਾਲ ਦੀ ਕੁੜੀ ਕੋਮਾ ਵਿੱਚ ਹੈ ਅਤੇ ਉਹ ਜ਼ਿੰਦਗੀ ਅਤੇ ਮੌਤ ਵਿਚਕਾਰ ਝੂਲ ਰਹੀ ਹੈ। ਇਲਜ਼ਾਮ ਹੈ ਕਿ ਮਹਿਲਾ ਪੁਲਸ ਕਰਮੀਆਂ ਨੇ ਹਿਜਾਬ ਨਾ ਪਹਿਨਣ 'ਤੇ ਮੈਟਰੋ 'ਚ ਕੁੜੀ ਨੂੰ ਕੁੱਟਿਆ, ਜਿਸ ਕਾਰਨ ਉਸ ਦੇ ਸਿਰ ਅਤੇ ਗਰਦਨ 'ਤੇ ਗੰਭੀਰ ਸੱਟਾਂ ਲੱਗੀਆਂ। 

ਹਾਲਾਂਕਿ ਈਰਾਨ ਸਰਕਾਰ ਨੇ ਇਸ ਤੋਂ ਇਨਕਾਰ ਕੀਤਾ ਹੈ ਪਰ ਇਹ ਘਟਨਾ ਈਰਾਨ 'ਚ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇੱਥੇ ਦੱਸ ਦਈਏ ਕਿ ਕਰੀਹ ਇਕ ਸਾਲ ਪਹਿਲਾਂ ਵੀ ਹਿਜਾਬ ਨਾ ਪਹਿਨਣ ਕਾਰਨ ਪੁਲਸ ਦੁਆਰਾ ਕੁੱਟਮਾਰ ਤੋਂ ਬਾਅਦ ਮਹਿਸਾ ਅਮੀਨੀ ਦੀ ਮੌਤ ਹੋ ਗਈ ਸੀ। ਇਸ ਘਟਨਾ ਤੋਂ ਬਾਅਦ ਈਰਾਨ ਵਿਚ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ ਵੀ ਹੋਏ ਸਨ, ਜਿਸ ਵਿੱਚ ਸੈਂਕੜੇ ਲੋਕ ਮਾਰੇ ਗਏ ਅਤੇ ਹਜ਼ਾਰਾਂ ਨੂੰ ਗ੍ਰਿਫਤਾਰ ਕੀਤਾ ਗਿਆ। ਈਰਾਨ ਦੇ ਲੋਕਾਂ ਨੂੰ ਪੂਰੀ ਦੁਨੀਆ ਤੋਂ ਸਮਰਥਨ ਮਿਲਿਆ ਸੀ।

ਪੜ੍ਹੋ ਇਹ ਅਹਿਮ ਖ਼ਬਰ-ਬ੍ਰਿਟੇਨ ’ਚ ਯਾਤਰੀਆਂ, ਵਿਦਿਆਰਥੀਆਂ ਲਈ ਵੀਜ਼ਾ ਫੀਸ ’ਚ ਵਾਧਾ ਇਸ ਹਫ਼ਤੇ ਤੋਂ ਲਾਗੂ

ਕੁਰਦ ਸੰਗਠਨ ਨੇ ਲਗਾਏ ਦੋਸ਼

ਪੀੜਤਾ ਦੀ ਪਛਾਣ ਅਰਮਿਤਾ ਗਰਾਵੰਦ ਵਜੋਂ ਹੋਈ ਹੈ। ਕੁਰਦਿਸ਼ ਸੰਗਠਨ ਹੇਂਗੌ ਨੇ ਇਲਜ਼ਾਮ ਲਗਾਇਆ ਹੈ ਕਿ ਈਰਾਨ ਦੇ ਨੈਤਿਕ ਪੁਲਸ ਬਲ ਦੀ ਮਹਿਲਾ ਕਰਮਚਾਰੀਆਂ ਨੇ ਹਿਜਾਬ ਨਾ ਪਹਿਨਣ 'ਤੇ ਮੈਟਰੋ ਟਰੇਨ ਵਿੱਚ ਇਰਮਿਤਾ ਦੀ ਕੁੱਟਮਾਰ ਕੀਤੀ। ਅਰਮਿਤਾ ਰਾਜਧਾਨੀ ਤਹਿਰਾਨ ਦੀ ਵਸਨੀਕ ਹੈ ਪਰ ਮੂਲ ਰੂਪ ਵਿੱਚ ਪੱਛਮੀ ਈਰਾਨ ਵਿੱਚ ਕੁਰਦ-ਪ੍ਰਭਾਵੀ ਖੇਤਰ ਕਰਮਾਨਸ਼ਾਹ ਦੀ ਰਹਿਣ ਵਾਲੀ ਹੈ। ਇਸ ਵਾਰ ਈਰਾਨ ਸਰਕਾਰ ਚੌਕਸ ਹੈ। ਹਾਲਾਂਕਿ ਈਰਾਨ ਸਰਕਾਰ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਕੁੜੀ ਪੁਲਸ ਦੀ ਕੁੱਟਮਾਰ ਨਾਲ ਜ਼ਖਮੀ ਹੋਈ ਅਤੇ ਕਿਹਾ ਕਿ ਪੀੜਤਾ ਘੱਟ ਬਲੱਡ ਪ੍ਰੈਸ਼ਰ ਕਾਰਨ ਸਬਵੇਅ ਵਿੱਚ ਬੇਹੋਸ਼ ਹੋ ਗਈ ਸੀ। ਹਾਲਾਂਕਿ ਪੀੜਤਾ ਦੀ ਮੌਤ ਦੀ ਖਬਰ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਅਤੇ ਤਣਾਅ ਦਾ ਮਾਹੌਲ ਬਣ ਗਿਆ ਹੈ।

ਘਟਨਾ ਦੀ ਵੀਡੀਓ ਆਈ ਸਾਹਮਣੇ 

ਪੀੜਤਾ ਦਾ ਤਹਿਰਾਨ ਦੇ ਫਜਰ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ ਅਤੇ ਕਿਸੇ ਨੂੰ ਵੀ ਉਸ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ। ਪੀੜਤਾ ਦੇ ਮਾਪਿਆਂ ਨੇ ਪੁਲਸ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਮੀਡੀਆ ਨਾਲ ਵੀ ਗੱਲਬਾਤ ਕੀਤੀ। ਅਰਮਿਤਾ ਦੀਆਂ ਕਥਿਤ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ, ਜਿਸ ਵਿਚ ਉਸ ਦੇ ਸਿਰ ਅਤੇ ਗਰਦਨ ਨੂੰ ਪੱਟੀਆਂ ਨਾਲ ਬੰਨ੍ਹਿਆ ਹੋਇਆ ਹੈ ਅਤੇ ਉਸ ਦੇ ਮੂੰਹ ਵਿਚ ਪਾਈਪ ਪਾਈ ਹੋਈ ਹੈ। ਉਹ ਕੋਮਾ ਵਿੱਚ ਹੈ। ਘਟਨਾ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ ਪਰ ਇਸ ਵਿੱਚ ਕੁਝ ਔਰਤਾਂ ਬੇਹੋਸ਼ ਹੋਈ ਅਰਮਿਤਾ ਨੂੰ ਮੈਟਰੋ ਵਿੱਚੋਂ ਬਾਹਰ ਕੱਢਦੀਆਂ ਨਜ਼ਰ ਆ ਰਹੀਆਂ ਹਨ। ਤਹਿਰਾਨ ਮੈਟਰੋ ਨੇ ਵੀ ਇੱਕ ਬਿਆਨ ਜਾਰੀ ਕਰਕੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਪੀੜਤਾ ਨੂੰ ਪੁਲਸ ਨੇ ਕੁੱਟਿਆ ਸੀ, ਪਰ ਇਹ ਘਟਨਾ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।     

Vandana

This news is Content Editor Vandana