ਸੁਲੇਮਾਨੀ ਦੀ ਬੇਟੀ ਬੋਲੀ- ''ਕੌਣ ਲਵੇਗਾ ਮੇਰੇ ਪਿਤਾ ਦੀ ਮੌਤ ਦਾ ਬਦਲਾ?''

01/06/2020 12:27:10 PM

ਤੇਹਰਾਨ (ਬਿਊਰੋ): ਅਮਰੀਕੀ ਏਅਰ ਸਟ੍ਰਾਈਕ ਵਿਚ ਈਰਾਨ ਦੇ ਮੇਜਰ ਜਨਰਲ ਕਾਸਿਮ ਸੁਲੇਮਾਨੀ (62) ਦੀ ਹੱਤਿਆ ਦੇ ਬਾਅਦ ਪੂਰੇ ਮੱਧ-ਪੂਰਬ 'ਤੇ ਯੁੱਧ ਦੇ ਬੱਦਲ ਛਾਏ ਹੋਏ ਹਨ। ਈਰਾਨ ਵਿਚ ਐਤਵਾਰ ਨੂੰ ਮੇਜਰ ਜਨਰਲ ਸੁਲੇਮਾਨੀ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇਸ ਦੌਰਾਨ ਲੋਕਾਂ ਨੇ ਅਮਰੀਕਾ ਅਤੇ ਉਸ ਦੇ ਸਹਿਯੋਗੀਆਂ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ।ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਸ਼ਨੀਵਾਰ ਨੂੰ ਕਾਸਿਮ ਸੁਲੇਮਾਨੀ ਦੇ ਘਰ ਪਹੁੰਚੇ ਅਤੇ ਉਹਨਾਂ ਦੇ ਪਰਿਵਾਰ ਵਾਲਿਆਂ ਨਾਲ ਮੁਲਾਕਾਤ ਕੀਤੀ। ਸੁਲੇਮਾਨੀ ਦੀ ਬੇਟੀ ਜ਼ੈਨਬ ਸੁਲੇਮਾਨੀ ਨੇ ਰੂਹਾਨੀ ਨੂੰ ਮੁਲਾਕਾਤ ਦੌਰਾਨ ਸਵਾਲ ਕੀਤਾ ਕਿ ਉਸ ਦੇ ਪਿਤਾ ਦੀ ਮੌਤ ਦਾ ਬਦਲਾ ਕੌਣ ਲਵੇਗਾ? ਇਸ 'ਤੇ ਰੂਹਾਨੀ ਨੇ ਜਵਾਬ ਦਿੱਤਾ ਕਿ ਪੂਰਾ ਦੇਸ਼ ਉਹਨਾਂ ਦੀ ਮੌਤ ਦਾ ਬਦਲਾ ਲਵੇਗਾ। 

ਰੂਹਾਨੀ ਨੇ ਕਿਹਾ,''ਈਰਾਨੀ ਮੇਜਰ ਜਨਰਲ ਸੁਲੇਮਾਨੀ ਦੀ ਹੱਤਿਆ ਕਰ ਕੇ ਅਮਰੀਕਾ ਨੇ ਵੱਡੀ ਗਲਤੀ ਕੀਤੀ ਹੈ। ਅਮਰੀਕਾ ਸਿਰਫ ਅੱਜ ਹੀ ਨਹੀਂ ਸਗੋਂ ਆਉਣ ਵਾਲੇ ਕਈ ਸਾਲਾਂ ਵਿਚ ਇਸ ਦੇ ਅੰਜਾਮ ਭੁਗਤੇਗਾ।'' ਜ਼ੈਨਬ ਨੇ ਅਲ-ਮਨਾਰ ਨਿਊਜ਼ ਚੈਨਲ ਨੂੰ ਕਿਹਾ ਕਿ ਘਿਨਾਉਣੇ ਟਰੰਪ ਇਹ ਗੱਲ ਸਮਝ ਲੈਣ ਕਿ ਉਹਨਾਂ ਦੇ ਗੁਨਾਹ ਨਾਲ ਉਸ ਦੇ ਪਿਤਾ ਦੀ ਯਾਦ ਨੂੰ ਕਦੇ ਮਿਟਾਇਆ ਨਹੀਂ ਜਾ ਸਕੇਗਾ। ਉਹਨਾਂ ਦੀ ਸ਼ਹਾਦਤ ਸਾਡੀਆਂ ਆਤਮਾਵਾਂ ਨੂੰ ਇਕ ਨਵਾਂ ਜਨਮ ਦੇ ਕੇ ਗਈ ਹੈ। 

ਜ਼ੈਨਬ ਨੇ ਅੱਗੇ ਕਿਹਾ,''ਤੁਸੀਂ ਮੇਰੇ ਪਿਤਾ ਨਾਲ ਦੁਸ਼ਮਨੀ ਕਰਦੇ ਹੋਏ ਉਹਨਾਂ ਦੀ ਬਰਾਬਰੀ ਨਹੀਂ ਕਰ ਸਕੇ ਇਸ ਲਈ ਤੁਸੀਂ ਉਹਨਾਂ ਨੂੰ ਮਿਜ਼ਾਈਲਾਂ ਨਾਲ ਨਿਸ਼ਾਨਾ ਬਣਾਇਆ। ਜੇਕਰ ਤੁਸੀਂ ਇੰਨੇ ਸਮੱਰਥ ਹੁੰਦੇ ਤਾਂ ਤੁਸੀਂ ਉਹਨਾਂ ਦਾ ਮੁਕਾਬਲਾ ਆਹਮੋ-ਸਾਹਮਣੇ ਕਰਦੇ।'' ਜ਼ੈਨਬ ਨੇ ਕਿਹਾ,''ਮੇਰੇ ਪਿਤਾ ਦੀ ਸ਼ਹਾਦਤ ਸਾਨੂੰ ਕਦੇ ਨਹੀਂ ਤੋੜੇਗੀ ਸਗੋਂ ਅਸੀਂ ਆਖਰੀ ਸਾਹ ਤੱਕ ਉਹਨਾਂ ਦੀ ਮੌਤ ਦਾ ਬਦਲਾ ਲਵਾਂਗੇ।'' ਫਿਰ ਜ਼ੈਨਬ ਨੇ ਇਸਲਾਮਿਕ ਕ੍ਰਾਂਤੀ ਦੇ ਨੇਤਾ ਸੈਯਦ ਅਲੀ ਖਮਨੇਈ ਅਤੇ ਲੇਬਨਾਨੀ ਹਿਜ਼ਬੁੱਲਾ ਦੇ ਸੈਕਟਰੀ ਜਨਰਲ ਹਸਨ ਨਸਰੱਲਾਹ ਦੇ ਪ੍ਰਤੀ ਸਨਮਾਨ ਜ਼ਾਹਰ ਕੀਤਾ ਅਤੇ ਯਕੀਨ ਜ਼ਾਹਰ ਕੀਤਾ ਕਿ ਉਹ ਉਸ ਦੇ ਪਿਤਾ ਦੇ ਕਾਤਲਾਂ ਤੋਂ ਬਦਲਾ ਜ਼ਰੂਰ ਲੈਣਗੇ।ਉੱਧਰ ਅਮਰੀਕਾ ਨੇ ਵੀ ਚਿਤਾਵਨੀ ਦਿੱਤੀ ਹੈ ਕਿ ਜੇਕਰ ਈਰਾਨ ਵੱਲੋਂ ਹੁਣ ਇਕ ਵੀ ਹਮਲਾ ਹੋਇਆ ਤਾਂ ਉਹ ਉਸ ਦਾ ਜਵਾਬ ਖਤਰਨਾਕ ਅੰਦਾਜ ਵਿਚ ਦੇਣਗੇ।

Vandana

This news is Content Editor Vandana