ਈਰਾਨ ਨਾਲ ਵਧੀ ਟੈਂਸ਼ਨ, ਅਮਰੀਕਾ ਨੇ ਕਤਰ ''ਚ ਲੜਾਕੂ ਜਹਾਜ਼ ਕੀਤੇ ਤਾਇਨਾਤ

06/29/2019 2:09:30 PM

ਵਾਸ਼ਿੰਗਟਨ— ਅਮਰੀਕਾ ਨੇ ਈਰਾਨ ਨਾਲ ਵਧਦੇ ਤਣਾਅ ਵਿਚਕਾਰ ਪਹਿਲੀ ਵਾਰ ਕਤਰ 'ਚ ਰਡਾਰ ਤੋਂ ਬਚ ਨਿਕਲਣ 'ਚ ਸਫਲ ਐੱਫ-22 ਲੜਾਕੂ ਜਹਾਜ਼ ਤਾਇਨਾਤ ਕੀਤੇ ਹਨ। ਅਮਰੀਕੀ ਹਵਾਈ ਫੌਜ ਦੀ ਮੱਧ ਫੌਜੀ ਕਮਾਨ ਨੇ ਇਕ ਬਿਆਨ 'ਚ ਕਿਹਾ ਕਿ 'ਐੱਫ-22 ਰੈਪਟਰ ਸਟੈਲਥ' ਜਹਾਜ਼ਾਂ ਨੂੰ ਅਮਰੀਕੀ ਫੌਜ ਅਤੇ ਹਿੱਤਾਂ ਦੀ ਰੱਖਿਆ ਲਈ ਤਾਇਨਾਤ ਕੀਤਾ ਗਿਆ ਹੈ। 
ਹਾਲਾਂਕਿ ਬਿਆਨ 'ਚ ਇਹ ਨਹੀਂ ਦੱਸਿਆ ਗਿਆ ਕਿ ਕਿੰਨੇ ਜਹਾਜ਼ਾਂ ਨੂੰ ਕਤਰ ਭੇਜਿਆ ਗਿਆ ਹੈ। ਇਸ ਸਬੰਧੀ ਇਕ ਤਸਵੀਰ 'ਚ ਕਤਰ ਦੇ ਅਲ ਉਦੀਦ ਏਅਰਬੇਸ ਦੇ ਉੱਪਰ 5 ਜਹਾਜ਼ ਉਡਾਣ ਭਰਦੇ ਦਿਖਾਈ ਦਿੱਤੇ ਹਨ। ਸਟੈਲਥ ਜਹਾਜ਼ ਰਡਾਰ ਦੀ ਪਕੜ ਤੋਂ ਬਚ ਨਿਕਲਣ 'ਚ ਸਫਲ ਹੁੰਦੇ ਹਨ।

ਈਰਾਨ ਨਾਲ 2015 'ਚ ਹੋਏ ਪ੍ਰਮਾਣੂ ਕਰਾਰ ਨਾਲ ਅਮਰੀਕਾ ਦੇ ਬਾਹਰ ਨਿਕਲਣ ਮਗਰੋਂ ਦੋਹਾਂ ਦੇਸ਼ਾਂ ਵਿਚਕਾਰ ਤਣਾਅ ਵਧ ਗਿਆ ਹੈ। ਅਮਰੀਕਾ ਨੇ ਈਰਾਨ 'ਤੇ ਦੋਬਾਰਾ ਰੋਕ ਲਗਾ ਦਿੱਤੀ ਹੈ। ਬੀਤੇ ਹਫਤੇ ਈਰਾਨ ਵਲੋਂ ਸੰਵੇਦਨਸ਼ੀਲ ਖਾੜੀ ਜਲ ਖੇਤਰ 'ਚ ਅਮਰੀਕੀ ਡਰੋਨ ਢੇਰ ਕਰ ਦਿੱਤਾ ਗਿਆ ਸੀ, ਜਿਸ ਮਗਰੋਂ ਦੋਹਾਂ ਦੇਸ਼ਾਂ ਵਿਚਕਾਰ ਤਣਾਅ ਹੋਰ ਵੀ ਵਧ ਗਿਆ ਹੈ।