ਈਰਾਨ ''ਚ ਦੋ ਨਾਬਾਲਗ ਮੁੰਡਿਆਂ ਨੂੰ ਗੁਪਤ ਤਰੀਕੇ ਨਾਲ ਫਾਂਸੀ

05/03/2019 11:00:54 AM

ਤੇਹਰਾਨ (ਬਿਊਰੋ)— ਈਰਾਨ ਵਿਚ ਬੀਤੇ ਹਫਤੇ ਗੁਪਤ ਰੂਪ ਨਾਲ ਦੋ ਨਾਬਾਲਗ ਮੁੰਡਿਆਂ ਨੂੰ ਫਾਂਸੀ ਦੇ ਦਿੱਤੀ ਗਈ। ਮਨੁੱਖੀ ਅਧਿਕਾਰਾਂ ਦੀ ਰੱਖਿਆ ਕਰਨ ਵਾਲੇ ਸਮੂਹ ਐਮਨੈਸਟੀ ਇੰਟਰਨੈਸ਼ਨਲ ਨੇ ਇਹ ਜਾਣਕਾਰੀ ਦਿੱਤੀ। ਐਮਨੈਸਟੀ ਨੇ ਇਸ ਗੱਲ ਲਈ ਈਰਾਨ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਉਸ ਨੇ ਅੰਤਰਰਾਸ਼ਟਰੀ ਕਾਨੂੰਨ ਅਤੇ ਬੱਚਿਆਂ ਦੇ ਅਧਿਕਾਰਾਂ ਦੀ ਅਣਦੇਖੀ ਕੀਤੀ ਹੈ। ਜਾਣਕਾਰੀ ਮੁਤਾਬਕ ਦੋਹਾਂ ਮੁੰਡਿਆਂ ਨੂੰ ਬਲਾਤਕਾਰ ਦੇ ਕਈ ਦੋਸ਼ਾਂ ਦੇ ਤਹਿਤ ਫਾਂਸੀ ਦੀ ਸਜ਼ਾ ਦਿੱਤੀ ਗਈ। 

ਬ੍ਰਿਟੇਨ ਸਥਿਤ ਅਧਿਕਾਰ ਸਮੂਹ ਦਾ ਕਹਿਣਾ ਹੈ ਕਿ ਮ੍ਰਿਤਕ ਮੁੰਡਿਆਂ ਨੂੰ 15 ਸਾਲ ਦੀ ਉਮਰ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਦੋਹਾਂ ਦੇ ਨਾਮ ਮੇਹਦੀ ਸੋਹਰਬਿਫਰ ਅਤੇ ਅਮੀਨ ਸੇਡਾਘਾਟ ਸੀ। ਜਾਣਕਾਰੀ ਮੁਤਾਬਕ ਨਾਜਾਇਜ਼ ਟ੍ਰਾਇਲ ਦੌਰਾਨ ਦੋਹਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ। ਬੀਤੇ ਹਫਤੇ ਦੇ ਵੀਰਵਾਰ (25 ਅਪ੍ਰੈਲ) ਨੂੰ ਦੋਹਾਂ ਨੂੰ ਫਾਂਸੀ ਦੇ ਦਿੱਤੀ ਗਈ। ਐਮਨੈਸਟੀ ਦਾ ਕਹਿਣਾ ਹੈ ਕਿ ਦੋਹਾਂ ਮੁੰਡਿਆਂ ਨੂੰ ਮਾਰਨ ਤੋਂ ਪਹਿਲਾਂ ਕੋੜੇ ਮਾਰੇ ਗਏ ਸਨ। 

ਐਮਨੈਸਟੀ ਦੇ ਮੱਧ ਪੂਰਬ ਅਤੇ ਉੱਤਰੀ ਅਫਰੀਕਾ ਦੇ ਨਿਦੇਸ਼ਕ ਫਿਲਿਪ ਲੂਥਰ ਦਾ ਕਹਿਣਾ ਹੈ,''ਈਰਾਨੀ ਅਧਿਕਾਰੀਆਂ ਨੇ ਇਕ ਵਾਰ ਫਿਰ ਸਾਬਤ ਕੀਤਾ ਹੈ ਕਿ ਉਹ ਅੰਤਰਰਾਸ਼ਟਰੀ ਕਾਨੂੰਨ ਦੀ ਅਣਦੇਖੀ ਕਰ ਕੇ ਬੱਚਿਆਂ ਨੂੰ ਮੌਤ ਦੇ ਘਾਟ ਉਤਾਰਨ ਲਈ ਤਿਆਰ ਹਨ।'' ਉਨ੍ਹਾਂ ਨੇ ਅੱਗੇ ਕਿਹਾ,''ਦੋਹਾਂ ਮੁੰਡਿਆਂ ਨੂੰ ਫਾਂਸੀ ਦਿੱਤੇ ਜਾਣ ਤੋਂ ਪਹਿਲਾਂ ਦੋ ਸਾਲ ਤੱਕ ਹਨੇਰੇ ਕਮਰੇ ਵਿਚ ਰੱਖਿਆ ਗਿਆ। ਜੀਵਨ ਦੇ ਆਖਰੀ ਪਲਾਂ ਵਿਚ ਉਨ੍ਹਾਂ ਨੂੰ ਤਸੀਹੇ ਦਿੱਤੇ ਗਏ ਅਤੇ ਫਿਰ ਗੁਪਤ ਤਰੀਕੇ ਨਾਲ ਫਾਂਸੀ ਦੀ ਸਜ਼ਾ ਦੇ ਦਿੱਤੀ ਗਈ।'' 

ਮੁੰਡਿਆਂ ਦੇ ਪਰਿਵਾਰਾਂ ਨੂੰ ਬੀਤੇ ਬੁੱਧਵਾਰ ਨੂੰ ਉਨ੍ਹਾਂ ਨਾਲ ਮਿਲਣ ਦੀ ਇਜਾਜ਼ਤ ਦਿੱਤੀ ਗਈ ਪਰ ਮੌਤ ਦੀ ਸਜ਼ਾ ਦੇ ਬਾਰੇ ਵਿਚ ਕੁਝ ਨਹੀਂ ਦੱਸਿਆ ਗਿਆ। ਨਾਬਾਲਗਾਂ ਨੂੰ ਫਾਂਸੀ ਦੇਣ ਦੇ ਮਾਮਲੇ ਵਿਚ ਈਰਾਨ ਦੇ ਬਾਅਦ ਦੂਜਾ ਸਥਾਨ ਚੀਨ ਦਾ ਹੈ। ਐਮਨੈਸਟੀ ਮੁਤਾਬਕ ਸਾਲ 1990 ਤੋਂ 2018 ਤੱਕ ਅਜਿਹੇ 97 ਨਾਬਾਲਗ ਕੈਦੀ ਸਨ ਜਿਨ੍ਹਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ।

Vandana

This news is Content Editor Vandana