ਈਰਾਨ : ਮਨੁੱਖੀ ਅਧਿਕਾਰਾਂ ਦੀ ਵਕੀਲ ਨੂੰ 38 ਸਾਲ ਦੀ ਜੇਲ ਤੇ 148 ਕੋੜਿਆਂ ਦੀ ਸਜ਼ਾ

03/13/2019 3:53:32 PM

ਤੇਹਰਾਨ (ਬਿਊਰੋ)— ਈਰਾਨ ਦੀ ਮਸ਼ਹੂਰ ਵਕੀਲ ਨੂੰ ਸੱਤ ਵੱਖ-ਵੱਖ ਮਾਮਲਿਆਂ ਵਿਚ 33 ਸਾਲ ਦੀ ਜੇਲ ਅਤੇ 148 ਕੋੜੇ ਲਗਾਉਣ ਦੀ ਸਜ਼ਾ ਦਿੱਤੀ ਗਈ ਹੈ। ਕੌਮਾਂਤਰੀ ਪੱਧਰ 'ਤੇ ਮਸ਼ਹੂਰ ਮਨੁੱਖੀ ਅਧਿਕਾਰ ਵਕੀਲ ਨਸਰੀਨ ਸੋਤੇਦੇਹ ਨੂੰ ਸੋਮਵਾਰ ਨੂੰ ਇਹ ਸਜ਼ਾ ਸੁਣਾਈ ਗਈ। ਨਸਰੀਨ ਪਹਿਲਾਂ ਵੀ ਇਕ ਮਾਮਲੇ ਵਿਚ 5 ਸਾਲ ਦੀ ਸਜ਼ਾ ਕੱਟ ਰਹੀ ਹੈ। ਇਸ ਤਰ੍ਹਾਂ ਜੇਲ ਦੀ ਕੁੱਲ ਸਜ਼ਾ 38 ਸਾਲ ਹੋ ਗਈ ਹੈ। ਨਸਰੀਨ ਨੂੰ ਇਹ ਸਜ਼ਾ ਵਿਰੋਧੀ ਕਾਰਕੁੰਨਾਂ ਦਾ ਕੇਸ ਲੜਨ ਦੇ ਦੋਸ਼ ਵਿਚ ਮਿਲੀ ਹੈ।

ਇਸ ਤੋਂ ਪਹਿਲਾਂ 55 ਸਾਲਾ ਨਸਰੀਨ ਨੇ ਇਸਲਾਮਿਕ ਰੀਪਬਲਿਕ ਵੱਲੋਂ ਔਰਤਾਂ ਲਈ ਬੁਰਕਾ ਲਾਜ਼ਮੀ ਕੀਤੇ ਜਾਣ ਦਾ ਵਿਰੋਧ ਕਰਨ ਵਾਲੀਆਂ ਔਰਤਾਂ ਦਾ ਕੇਸ ਲੜਿਆ ਸੀ। ਇਨ੍ਹਾਂ ਔਰਤਾਂ ਨੇ ਬਿਨਾਂ ਸਿਰ ਢਕੇ ਆਪਣੇ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੇ ਸਨ। ਨਸਰੀਨ ਦੇ ਵਕੀਲ ਨੇ ਕਿਹਾ ਕਿ ਉਨ੍ਹਾਂ ਦੀ ਕਲਾਈਂਟ ਨੂੰ ਬੀਤੇ ਸਾਲ ਜੂਨ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਨਸਰੀਨ 'ਤੇ ਜਾਸੂਸੀ, ਗਲਤ ਪ੍ਰਚਾਰ ਕਰਨ ਅਤੇ ਈਰਾਨ ਦੀ ਉੱਚ ਲੀਡਰਸ਼ਿਪ ਦਾ ਅਪਮਾਨ ਕਰਨ ਦਾ ਦੋਸ਼ ਲਗਾਇਆ ਗਿਆ।

ਇਸ ਤੋਂ ਪਹਿਲਾਂ ਸਾਲ 2010 ਵਿਚ ਨਸਰੀਨ ਨੂੰ ਗਲਤ ਪ੍ਰਚਾਰ ਕਰਨ ਅਤੇ ਦੇਸ਼ ਦੀ ਸੁਰੱਖਿਆ ਨੂੰ ਖਤਰੇ ਵਿਚ ਪਾਉਣ ਦੇ ਦੋਸ਼ ਵਿਚ ਜੇਲ ਭੇਜ ਦਿੱਤਾ ਗਿਆ ਸੀ। ਭਾਵੇਂਕਿ ਨਸਰੀਨ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਸੀ। 6 ਸਾਲ ਦੀ ਸਜ਼ਾ ਕਟਣ ਦੇ ਬਾਅਦ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ ਸੀ। ਅਧਿਕਾਰਕ ਇਸਲਾਮਿਕ ਰੀਪਬਲਿਕ ਸਮਾਚਾਰ ਏਜੰਸੀ ਦੀ ਖਬਰ ਮੁਤਾਬਕ ਤੇਹਰਾਨ ਦੇ ਰੇਵੋਲੂਸ਼ਨਰੀ ਕੋਰਟ ਦੇ ਜੱਜ ਮੁਹੰਮਦ ਮੋਕਿਸ਼ ਨੇ ਸੋਮਵਾਰ ਨੂੰ ਕਿਹਾ ਕਿ 5 ਸਾਲ ਦੀ ਸਜ਼ਾ ਕੌਮੀ ਸੁਰੱਖਿਖਆ ਵਿਰੁੱਧ ਇਕਜੁੱਟ ਹੋਣ ਅਤੇ 2 ਸਾਲ ਦੀ ਸਜ਼ਾ ਈਰਾਨ ਦੇ ਉੱਚ ਨੇਤਾ ਅਯਾਤੁੱਲਾ ਅਲੀ ਖਾਮੈਨੀ ਦਾ ਅਪਮਾਨ ਕਰਨ ਦੇ ਅਪਰਾਧ ਵਿਚ ਮਿਲੀ ਹੈ। 

ਨਸਰੀਨ ਦੇ ਪਤੀ ਰੇਜ਼ਾ ਖਾਨਦਨ ਨੇ ਫੇਸਬੁੱਕ 'ਤੇ ਲਿਖਿਆ ਕਿ ਜੇਲ ਦੀ ਸਜ਼ਾ ਅਤੇ 148 ਕੋੜਿਆਂ ਦੀ ਸਜ਼ਾ ਬਹੁਤ ਸਖਤ ਹੈ। ਇਸ ਤੋਂ ਪਹਿਲਾਂ ਨਸਰੀਨ ਨੂੰ ਸਾਲ 2009 ਵਿਚ ਵਿਆਪਕ ਪ੍ਰਦਰਸ਼ਨ ਕਰਨ ਵਾਲੇ ਲੋਕਾਂ ਦਾ ਕੇਸ ਲੜਨ ਦੇ ਬਾਅਦ 3 ਸਾਲ ਜੇਲ ਵਿਚ ਕਟਣੇ ਪਏ ਸਨ। ਪ੍ਰਦਰਸ਼ਨਕਾਰੀ ਕੱਟੜਪੰਥੀ ਰਾਸ਼ਟਰਪਤੀ ਮੁਹੰਮਦ ਅਹਮਦੀਨੇਜ਼ਾਦ ਦੇ ਮੁੜ ਚੁਣੇ ਜਾਣ ਦਾ ਵਿਰੋਧ ਕਰ ਰਹੇ ਸਨ। ਈਰਾਨ ਵਿਚ ਮਨੁੱਖੀ ਅਧਿਕਾਰ 'ਤੇ ਸੰਯੁਕਤ ਰਾਸ਼ਟਰ ਦੇ ਜਾਂਚ ਕਰਤਾ ਜਾਵਿਦ ਰਹਿਮਾਨ ਨੇ ਸੋਮਵਾਰ ਨੂੰ ਜੈਨੇਵਾ ਵਿਚ ਨਸਰੀਨ ਦਾ ਮਾਮਲਾ ਚੁੱਕਿਆ। ਰਹਿਮਾਨ ਨੇ ਗ੍ਰਿਫਤਾਰੀ, ਸਜ਼ਾ, ਗਲਤ ਵਿਵਹਾਰ ਦੇ ਗਲਤ ਤਰੀਕਿਆਂ 'ਤੇ ਚਿੰਤਾ ਜ਼ਾਹਰ ਕੀਤੀ। ਨਸਰੀਨ ਨੂੰ ਕਈ ਵੱਡੇ ਮਾਮਲਿਆਂ ਦੀ ਪੈਰਵੀ ਕਰਨ ਕਾਰਨ ਯੂਰਪੀ ਸੰਸਦ ਸਾਲ 2012 ਵਿਚ ਸਖਾਰੋਵ ਮਨੁੱਖੀ ਅਧਿਕਾਰ ਪੁਰਸਕਾਰ ਨਾਲ ਸਨਮਾਨਿਤ ਕਰ ਚੁੱਕੀ ਹੈ।


Vandana

Content Editor

Related News