ਯੂਰਪੀ ਦੇਸ਼ਾਂ ਦੀ ਈਰਾਨ ਨੂੰ ਪਰਮਾਣੂ ਸਮਝੌਤੇ ''ਤੇ ਬਣੇ ਰਹਿਣ ਦੀ ਅਪੀਲ

07/10/2019 10:42:25 AM

ਤੇਹਰਾਨ (ਭਾਸ਼ਾ)— ਯੂਰਪੀ ਦੇਸ਼ਾਂ ਨੇ ਮੰਗਲਵਾਰ ਨੂੰ ਈਰਾਨ ਨੂੰ ਅਪੀਲ ਕੀਤੀ ਕਿ ਉਹ ਯੂਰੇਨੀਅਮ ਸਮਰੱਥਾ ਵਧਾਉਣ ਦੇ ਆਪਣੇ ਕਦਮ ਤੋਂ ਪਿੱਛੇ ਹਟੇ। ਇਸ ਵਿਚ ਫਰਾਂਸ ਦਾ ਇਕ ਦੂਤ ਇਤਿਹਾਸਿਕ 2015 ਪਰਮਾਣੂ ਸਮਝੌਤਾ ਬਚਾਉਣ ਦੀ ਕੋਸ਼ਿਸ਼ ਕਰਨ ਲਈ ਤੇਹਰਾਨ ਪਹੁੰਚਿਆ ਹੈ। ਈਰਾਨ ਅਤੇ ਹੋਰ ਦੇਸ਼ਾਂ ਵਿਚ ਹੋਏ ਸਮਝੌਤੇ ਦੇ ਤਹਿਤ ਈਰਾਨ ਨੂੰ ਪਾਬੰਦੀਆਂ ਵਿਚ ਰਾਹਤ ਦੇਣ ਅਤੇ ਆਰਥਿਕ ਲਾਭ ਦੇਣ ਦਾ ਵਾਅਦਾ ਕੀਤਾ ਗਿਆ ਸੀ। 

ਸਮਝੌਤੇ ਵਿਚ ਕਿਹਾ ਗਿਆ ਹੈ ਕਿ ਇਸ ਦੇ ਲਾਗੂ ਹੋਣ ਦੇ ਬਾਅਦ ਈਰਾਨ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਵੱਖਰਾ ਨਹੀਂ ਰੱਖਿਆ ਜਾਵੇਗਾ। ਇਸ ਦੇ ਬਦਲੇ ਈਰਾਨ ਨੂੰ ਆਪਣੇ ਪਰਮਾਣੂ ਪ੍ਰੋਗਰਾਮਾਂ 'ਤੇ ਰੋਕ ਲਗਾਉਣੀ ਸੀ। ਹੁਣ ਈਰਾਨ ਨੇ ਕਿਹਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਸਮਝੌਤੇ ਤੋਂ ਪਿੱਛੇ ਹਟਣ ਦੇ ਬਾਅਦ ਯੂਰਪੀ ਦੇਸ਼ਾਂ ਨੇ ਇਕ ਸਾਲ ਤੋਂ ਵੀ ਵੱਧ ਸਮੇਂ ਤੱਕ ਜੋ ਕਿਰਿਆਹੀਣਤਾ ਦਿਖਾਈ ਹੈ ਉਸ ਨੂੰ ਦੇਖ ਕੇ ਉਸ ਦਾ ਹੌਂਸਲਾ ਜਵਾਬ ਦੇ ਚੁੱਕਾ ਹੈ। 

ਯੂਰਪੀ ਸੰਘ ਅਤੇ ਫਰਾਂਸ, ਜਰਮਨੀ ਅਤੇ ਬ੍ਰਿਟੇਨ ਦੇ ਵਿਦੇਸ਼ ਮੰਤਰੀਆਂ ਨੇ ਇਕ ਬਿਆਨ ਵਿਚ ਕਿਹਾ ਕਿ ਦੇਸ਼ਾਂ ਨੇ ਮੰਗਲਵਾਰ ਨੂੰ ਈਰਾਨ ਨੂੰ ਅਪੀਲ ਕੀਤੀ ਹੈ ਕਿ ਉਹ ਸਮਝੌਤੇ ਦੀ ਉਲੰਘਣਾ ਨਾ ਕਰੇ। 'ਇੰਟਰਨੈਸ਼ਨਲ ਅਟੌਮਿਕ ਐਨਰਜੀ ਏਜੰਸੀ (ਆਈ.ਏ.ਈ.ਏ.) ਮੁਤਾਬਕ ਈਰਾਨ ਸਮਝੌਤੇ ਦੇ ਤਹਿਤ ਹੁਣ ਤੱਕ ਆਪਣੀ ਵਚਨਬੱਧਤਾ ਦੀ ਪਾਲਣਾ ਕਰਦਾ ਆਇਆ ਹੈ ਪਰ ਉਸ ਨੇ ਹਾਲ ਵਿਚ ਹੀ ਦੋ ਵਚਨਬੱਧਤਾਵਾਂ ਦੀ ਉਲੰਘਣਾ ਕੀਤੀ ਹੈ। 

ਈਰਾਨ ਨੇ ਸੋਮਵਾਰ ਨੂੰ ਐਲਾਨ ਕੀਤਾ ਸੀ ਕਿ ਉਸ ਨੇ 2015 ਦੇ ਪਰਮਾਣੂ ਸਮਝੌਤੇ ਵਿਚ ਸਬੰਧਤ ਯੂਰੇਨੀਅਮ ਦੇ ਉਤਪਾਦਨ ਨੂੰ ਲੈ ਕੇ ਤੈਅ ਕੀਤੀ ਗਈ ਸੀਮਾ ਦੀ ਉਲੰਘਣਾ ਕੀਤੀ ਹੈ ਜਿਸ ਦੇ ਬਾਅਦ ਫਰਾਂਸ ਨੇ ਤਣਾਅ ਘੱਟ ਕਰਨ ਦੀਆਂ ਕੋਸ਼ਿਸ਼ਾਂ ਦੇ ਤਹਿਤ ਆਪਣੇ ਇਕ ਦੂਤ ਨੂੰ ਈਰਾਨ ਰਵਾਨਾ ਕੀਤਾ। ਫਰਾਂਸ ਦੇ ਸੀਨੀਅਰ ਡਿਪਲੋਮੈਟ ਸਲਾਹਕਾਰ ਇਮੈਨੁਅਲ ਬੋਨ ਮੰਗਲਵਾਰ ਨੂੰ ਇੱਥੇ ਪਹੁੰਚੇ। ਉਨ੍ਹਾਂ ਦੀ ਰੀਅਰ ਐਡਮਿਰਲ ਅਲੀ ਸ਼ਮਖਾਨੀ ਨਾਲ ਬੁੱਧਵਾਰ ਨੂੰ ਬੈਠਕ ਹੋਵੇਗੀ।

Vandana

This news is Content Editor Vandana