ਸ਼੍ਰੀਲੰਕਾ ਵਿਚ ਕੈਦੀਆਂ ਨੇ ਜੇਲ ਤੋੜਨ ਦੀ ਕੀਤੀ ਕੋਸ਼ਿਸ਼, ਇਕ ਦੀ ਮੌਤ

11/18/2020 9:05:28 PM

 

ਕੋਲੰਬੋ - ਸ਼੍ਰੀਲੰਕਾ ਦੇ ਕੈਂਡੀ ਸ਼ਹਿਰ ਵਿਚ ਕੈਦੀਆਂ ਨੇ ਜੇਲ ਤੋੜਨ ਦੀ ਕੋਸ਼ਿਸ਼ ਕੀਤੀ, ਜਿਸ ਨਾਲ ਇਸ ਘਟਨਾ ਵਿਚ ਇਕ ਕੈਦੀ ਦੀ ਮੌਤ ਹੋ ਗਈ ਜਦਕਿ ਦੂਜਾ ਫਰਾਰ ਹੋ ਗਿਆ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਜੇਲ ਵਿਭਾਗ ਦੇ ਕਮਿਸ਼ਨਰ ਜਨਰਲ ਤੁਸ਼ਾਰ ਉਪੁਲਦੇਨੀਆ ਨੇ ਦੱਸਿਆ ਕਿ ਕੈਂਡੀ ਸ਼ਹਿਰ ਦੇ ਵਿਚੋ-ਵਿਚ ਸਥਿਤ ਬੋਗਾਂਬਾਰਾ ਜੇਲ ਵਿਚ ਮੰਗਲਵਾਰ ਦੀ ਰਾਤ ਹੋਈ ਇਸ ਘਟਨਾ ਵਿਚ ਘੱਟ ਤੋਂ ਘੱਟ ਇਕ ਕੈਦੀ ਜ਼ਖਮੀ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਅਸੀਂ ਉਨ੍ਹਾਂ ਵਿਚੋਂ ਤਿੰਨ ਨੂੰ ਫੜਨ ਵਿਚ ਸਫਲ ਹੋ ਗਏ, ਜਦਕਿ ਉਨ੍ਹਾਂ ਵਿਚੋਂ ਇਕ ਭੱਜ ਗਿਆ ਤੇ ਇਕ ਦੀ ਮੌਤ ਹੋ ਗਈ। ਪਿਛਲੇ ਸਾਲ ਬੋਗਾਂਬਾਰਾ ਜੇਲ ਦੇ ਕੈਦੀਆਂ ਨੂੰ ਪੱਲੀਕਲ ਜੇਲ ਵਿਚ ਟ੍ਰਾਂਸਫਰ ਕੀਤਾ ਗਿਆ ਸੀ ਕਿਉਂਕਿ ਉਸ ਥਾਂ ਨੂੰ ਕਿਸੇ ਹੋਰ ਟੀਚੇ ਨਾਲ ਵਿਕਸਿਤ ਕੀਤਾ ਸੀ।

ਹਾਲਾਂਕਿ ਦੇਸ਼ ਵਿਚ ਕੋਵਿਡ-19 ਦੀ ਦੂਜੀ ਲਹਿਰ ਦੀ ਲਪੇਟ ਵਿਚ ਆਉਣ ਤੋਂ ਬਾਅਦ ਪੁਰਾਣੀ ਬੋਗਾਂਬਾਰਾ ਜੇਲ ਨੂੰ ਪੂਰੇ ਦੇਸ਼ ਦੇ ਕੈਦੀਆਂ ਦੇ ਲਈ ਇਕਾਂਤਵਾਸ ਕੇਂਦਰ ਵਿਚ ਤਬਦੀਲ ਕਰ ਦਿੱਤਾ ਗਿਆ। ਜਦੋਂ ਜੇਲ ਤੋੜਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਵੇਲੇ ਜੇਲ ਦੇ ਅੰਦਰ ਤਕਰੀਬਨ 800 ਕੈਦੀ ਮੌਜੂਦ ਸਨ। ਬੋਗਾਂਬਾਰਾ ਜੇਲ ਵਿਚ 100 ਕੈਦੀਆਂ ਦੇ ਇਕਾਂਤਵਾਸ ਦੀ ਵਿਵਸਥਾ ਕੀਤੀ ਗਈ ਹੈ। ਕਾਰਾ ਅਧਿਕਾਰੀਆਂ ਨੇ ਦੱਸਿਆ ਕਿ 400 ਕੈਦੀ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਹੋਏ ਹਨ। ਇਨ੍ਹਾਂ ਵਿਚ ਉੱਚ ਸੁਰੱਖਿਆ ਵਾਲੇ ਕੋਲੰਬੋ ਜੇਲ ਦੇ ਕੈਦੀ ਵੀ ਸ਼ਾਮਲ ਹਨ। ਸ਼੍ਰੀਲੰਕਾ ਵਿਚ ਅਕਤੂਬਰ ਦੀ ਸ਼ੁਰੂਆਤ ਤੋਂ ਬਾਅਦ ਤੋਂ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਮਾਮਲਿਆਂ ਵਿਚ ਚਾਰ ਗੁਣਾ ਵਾਧਾ ਦੇਖਿਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸ਼੍ਰੀਲੰਕਾ ਵਿਚ ਮੰਗਲਵਾਰ ਨੂੰ 401 ਨਵੇਂ ਮਾਮਲੇ ਸਾਹਮਣੇ ਆਏ। ਮਾਰਚ ਦੇ ਮੱਧ ਤੋਂ ਹੁਣ ਤੱਕ ਦੇਸ਼ ਵਿਚ 17,800 ਮਾਮਲੇ ਸਾਹਮਣੇ ਆ ਚੁੱਕੇ ਹਨ ਤੇ 66 ਲੋਕਾਂ ਦੀ ਇਸ ਨਾਲ ਮੌਤ ਹੋਈ ਹੈ। 


Khushdeep Jassi

Content Editor

Related News