ਸਿੰਗਾਪੁਰ ਵਿਚ ਕਿਕ ਬਾਕਸਿੰਗ ਮੈਚ ਮਗਰੋਂ ਭਾਰਤੀ ਮੂਲ ਦੇ ਬੌਡੀ ਬਿਲਡਰ ਦੀ ਮੌਤ

09/24/2017 4:52:21 PM

ਸਿੰਗਾਪੁਰ (ਭਾਸ਼ਾ)— ਸਿੰਗਾਪੁਰ ਵਿਚ ਭਾਰਤੀ ਮੂਲ ਦੇ 32 ਸਾਲਾ ਇਕ ਬੌਡੀ ਬਿਲਡਰ ਦੀ ਥਾਈ ਕਿਕ-ਬਾਕਸਿੰਗ ਮੈਚ ਵਿਚ ਸੱਟ ਲੱਗ ਜਾਣ ਮਗਰੋਂ ਮੌਤ ਹੋ ਗਈ। ਇਹ ਉਸ ਦਾ ਪਹਿਲਾ ਮੈਚ ਸੀ, ਜੋ ਬਦਕਿਸਮਤੀ ਨਾਲ ਅਖੀਰੀ ਵੀ ਸਾਬਤ ਹੋਇਆ। ਪ੍ਰਦੀਪ ਸੁਬਰਾਮਨੀਅਮ ਕੱਲ ਸ਼ਾਮ ਏਸ਼ੀਅਨ ਫਾਈਟਿੰਗ ਚੈਂਪੀਅਨਸ਼ਿਪ ਦੇ ਤਹਿਤ ਮਰੀਨਾ ਬੇ ਸੈਂਡਸ ਵਿਚ 'ਸੈਲੀਬ੍ਰਿਟੀ' ਮੁਆਵ ਥਾਈ ਮੈਚ ਵਿਚ ਯੂ-ਟਿਊਬ ਸੈਲੀਬ੍ਰਿਟੀ ਸਟੀਵਨ ਲਿਮ (42) ਦੇ ਵਿਰੁੱਧ ਉੱਤਰੇ ਸਨ। 
ਵਰਲਡ ਬੌਡੀ ਬਿਲਡਿੰਗ ਐਂਡ ਫਿਜਿਕ ਸਪੋਰਟਸ ਫੇਡਰੇਸ਼ਨ (ਡਬਲਊ. ਬੀ. ਪੀ. ਐੱਫ.) ਸਿੰਗਾਪੁਰ ਦੇ ਪ੍ਰਧਾਨ ਸੁਬਰਾਮਨੀਅਮ ਨੇ ਚੈਂਪੀਅਨਸ਼ਿਪ ਵਿਚ 'ਸਿੰਗਾਪੁਰ ਆਈਡੀਅਲ' (ਸੰਗੀਤ ਰਿਆਲਿਟੀ ਸ਼ੋਅ) ਦੇ ਸਾਬਕਾ ਰਨਰ ਅੱਪ ਅਤੇ ਗਾਇਕ ਸਿਲਵੇਸਟਰ ਸਿਮ ਦੀ ਜਗ੍ਹਾ ਲਈ, ਜੋ ਬੀਮਾ ਸੰਬੰਧੀ ਮੁੱਦਿਆਂ ਨੂੰ ਲੈ ਕੇ ਮੈਚ ਤੋਂ ਹੱਟ ਗਏ ਸਨ। ਮੁਕਾਬਲੇ ਦੌਰਾਨ ਰੈਫਰੀ ਨੇ ਸੁਬਰਾਮਨੀਅਮ ਦੀ ਨੱਕ ਵਿਚੋਂ ਖੂਨ ਵੱਗਦੇ ਦੇਖਿਆ, ਜਿਸ ਮਗਰੋਂ ਮੁਕਾਬਲਾ 5 ਮਿੰਟ ਵਿਚ ਖਤਮ ਹੋ ਗਿਆ। ਇਸ ਮਗਰੋਂ ਲਿਮ ਨੂੰ ਜੇਤੂ ਐਲਾਨ ਕਰ ਦਿੱਤਾ ਗਿਆ। 
ਇਕ ਅੰਗਰੇਜੀ ਅਖਬਾਰ ਮੁਤਾਬਕ ਸੁਬਰਾਮਨੀਅਮ ਦੇ ਸਿਰ 'ਤੇ ਸੱਟ ਲੱਗੀ ਸੀ ਅਤੇ ਉਹ ਮੈਚ ਖਤਮ ਹੋਣ ਦੇ ਬਾਅਦ ਵੀ ਖੜ੍ਹਾ ਸੀ। ਬਾਅਦ ਵਿਚ ਉਹ ਬੇਹੋਸ਼ ਹੁੰਦੇ ਨਜ਼ਰ ਆਏ ਅਤੇ ਉਨ੍ਹਾਂ ਨੂੰ ਰਿੰਗ ਦੇ ਬਾਹਰ ਲੈ ਜਾਇਆ ਗਿਆ। ਇਸ ਮਗਰੋਂ ਉਨ੍ਹਾਂ ਨੂੰ ਐਂਬੂਲੈਂਸ ਵਿਚ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਸਥਾਨਕ ਮੀਡੀਆ ਮੁਤਾਬਕ ਸੁਬਰਾਮਨੀਅਮ ਦੀ ਮੌਤ ਨੂੰ ਲੈ ਕੇ ਹੁਣ ਤੱਕ ਅਧਿਕਾਰਿਕ ਜਾਣਕਾਰੀ ਨਹੀਂ ਮਿਲੀ ਹੈ। ਸੁਬਰਾਮਨੀਅਮ ਦੇ ਵਿਰੋਧੀ ਲਿਮ ਅਤੇ ਆਯੋਜਕਾਂ ਨੇ ਉਨ੍ਹਾਂ ਦੀ ਮੌਤ 'ਤੇ ਸ਼ੋਕ ਪ੍ਰਗਟ ਕੀਤਾ।