ਫੌਜੀ ਡਾਕਟਰ ਨੂੰ 48 ਸਾਲ ਬਾਅਦ ਟਰੰਪ ਨੇ ਦਿੱਤਾ ''ਮੈਡਲ ਆਫ ਆਨਰ''

08/01/2017 11:02:26 AM

ਵਾਸ਼ਿੰਗਟਨ— ਵਿਯਤਨਾਮ ਯੁੱਧ ਦੌਰਾਨ ਗੰਭੀਰ ਰੂਪ ਨਾਲ ਜ਼ਖਮੀ ਹੋਣ ਦੇ ਬਾਵਜੂਦ ਜਵਾਨਾਂ ਨੂੰ ਬਚਾਉਣ ਲਈ ''ਆਪਣੀ ਜਾਨ ਖਤਰੇ ਵਿਚ ਪਾਉਣ ਵਾਲੇ'' ਫੌਜ ਦੇ ਰਿਟਾਇਰਡ ਡਾਕਟਰ ਜੇਮਸ ਮੈਕਲਾਘਨ ਨੂੰ 48 ਸਾਲ ਬਾਅਦ ਪਹਿਲਾ 'ਮੈਡਲ ਆਫ ਆਨਰ' ਦਿੱਤਾ ਗਿਆ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੈਕਲਾਘਨ ਨੂੰ ਇਸ ਪਦਕ ਨਾਲ ਸਨਮਾਨਿਤ ਕੀਤਾ ਅਤੇ ਕਿਹਾ,'' ਸਾਨੂੰ ਤੁਹਾਡੇ 'ਤੇ ਮਾਣ ਹੈ'' ਅਤੇ ਇਸ ਮਗਰੋਂ ਟਰੰਪ ਨੇ ਰਿਟਾਇਰਡ ਫੌਜੀ ਡਾਕਟਰ ਨੂੰ ਗਲੇ ਲਗਾ ਲਿਆ।
ਟਰੰਪ ਨੇ ਵਾਈਟ ਹਾਊਸ ਦੇ ਕਈ ਸੀਨੀਅਰ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਸਮੇਤ ਦਰਸ਼ਕਾਂ ਦੀ ਮੌਜੂਦਗੀ ਵਿਚ ਕਿਹਾ,'' ਮੈਂ ਇੱਥੇ ਮੌਜੂਦ ਹਰ ਵਿਅਕਤੀ ਵੱਲੋਂ ਇਹ ਕਹਿੰਦਾ ਹਾਂ ਕਿ ਅਸੀਂ ਤੁਹਾਡੀ ਬਹਾਦੁਰੀ ਨੂੰ ਸਲਾਮ ਕਰਦੇ ਹਾਂ।'' 71 ਸਾਲਾ ਮੈਕਲਾਘਨ ਨੇ ਟਰੰਪ ਦਾ ਧੰਨਵਾਦ ਕੀਤਾ। ਉਹ 23 ਸਾਲ ਦੀ ਉਮਰ ਵਿਚ ਫੌਜ ਵਿਚ ਸ਼ਾਮਲ ਹੋਏ ਸਨ ਅਤੇ ਉਨ੍ਹਾਂ ਨੇ ਸਾਲ 1969 ਵਿਚ ਨੁਈ ਯੋਨ ਹਿਲ ਦੇ ਯੁੱਧ ਸਮੇਂ ਜ਼ਖਮੀ ਸਾਥੀ ਫੌਜੀਆਂ ਦੀ ਜਾਨ ਬਚਾਉਣ ਲਈ ਆਪਣੀ ਜਾਨ ਖਤਰੇ ਵਿਚ ਪਾ ਦਿੱਤੀ ਸੀ। 
ਦੇਸ਼ ਦੇ ਸਾਬਕਾ ਰੱਖਿਆ ਮੰਤਰੀ ਏਸ਼ਟਨ ਕਾਰਟਰ ਨੇ ਮੈਡਲ ਆਫ ਆਨਰ ਲਈ ਮੈਕਲਾਘਨ ਦੇ ਨਾਂ ਦੀ ਸਿਫਾਰਿਸ਼ ਕੀਤੀ ਸੀ ਪਰ ਇਹ ਪਦਕ ਕਿਸੇ ਵਿਅਕਤੀ ਨੂੰ ਉਸ ਦੀ ਬਹਾਦੁਰੀ ਕੰਮ ਕਰਨ ਦੇ 5 ਸਾਲ ਦੇ ਅੰਦਰ ਦਿੱਤਾ ਜਾਣਾ ਚਾਹੀਦਾ ਹੈ। ਮੈਕਲਾਘਨ ਨੂੰ ਇਸ ਪਦਕ ਨਾਲ ਸਨਮਾਨਿਤ ਕਰਨ ਲਈ ਇਸ ਸੀਮਾ ਨੂੰ ਹਟਾਉਣਾ ਜਰੂਰੀ ਸੀ ਅਤੇ ਇਸ ਲਈ ਕਾਂਗਰਸ ਨੂੰ ਬਿੱਲ ਪਾਸ ਕਰਨ ਦੀ ਲੋੜ ਸੀ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਸਾਲ 2016 ਦੇ ਅਖੀਰ ਵਿਚ ਇਸ ਸੰਬੰਧੀ ਬਿੱਲ 'ਤੇ ਦਸਤਖਤ ਕੀਤੇ ਸਨ ਪਰ ਉਨ੍ਹਾਂ ਦਾ ਕਾਰਜਕਾਲ ਖਤਮ ਹੋਣ ਕਾਰਨ ਉਨ੍ਹਾਂ ਨੂੰ ਮੈਕਲਾਘਨ ਨੂੰ ਸਨਮਾਨਿਤ ਕਰਨ ਦਾ ਮੌਕਾ ਨਹੀਂ ਸੀ ਮਿਲਿਆ।