ਪ੍ਰਦੂਸ਼ਿਤ ਹਵਾ ''ਚ ਸਾਹ ਲੈਣ ਨਾਲ ਖਰਾਬ ਹੋ ਸਕਦੇ ਹਨ ਗੁਰਦੇ

09/23/2017 6:58:11 PM

ਵਾਸ਼ਿੰਗਟਨ— ਇਕ ਨਵੇਂ ਅਧਿਐਨ ਵਿਚ ਇਹ ਦੱਸਿਆ ਗਿਆ ਹੈ ਕਿ ਹਵਾ ਪ੍ਰਦੂਸ਼ਣ ਨਾਲ ਮਨੁੱਖ ਵਿਚ ਗੁਰਦੇ ਦੀਆਂ ਬੀਮਾਰੀਆਂ ਦਾ ਖ਼ਤਰਾ ਵਧ ਸਕਦਾ ਹੈ ਅਤੇ ਗੁਰਦੇ ਵੀ ਖਰਾਬ ਹੋ ਸਕਦੇ ਹਨ। ਬਹੁਤ ਪਹਿਲਾਂ ਤੋਂ ਹਵਾ ਪ੍ਰਦੂਸ਼ਣ ਨੂੰ ਦਿਲ ਦੇ ਰੋਗ, ਸਟ੍ਰੋਕ, ਕੈਂਸਰ, ਸਾਹ ਦੀ ਬੀਮਾਰੀ ਅਤੇ ਸੀ. ਓ. ਪੀ. ਐੱਸ. ਨਾਲ ਜੋੜਿਆ ਜਾਂਦਾ ਰਿਹਾ ਹੈ। ਅਮਰੀਕਾ ਦੀ ਵਾਸ਼ਿੰਗਟਨ ਯੂਨੀਵਰਸਿਟੀ ਸਕੂਲ ਆਫ ਮੈਡੀਸਨ ਦੇ ਖੋਜਕਾਰਾਂ ਨੇ ਇਸ ਨਵੇਂ ਅਧਿਐਨ ਤੋਂ ਬਾਅਦ ਹੁਣ ਇਨ੍ਹਾਂ ਬੀਮਾਰੀਆਂ ਦੀ ਸੂਚੀ 'ਚ ਗੁਰਦਾ ਰੋਗ ਵੀ ਸ਼ਾਮਲ ਕਰ ਲਿਆ ਹੈ।
ਖੋਜਕਾਰਾਂ ਨੇ ਗੁਰਦੇ ਦੀ ਬੀਮਾਰੀ ਵਿਚ ਹਵਾ ਪ੍ਰਦੂਸ਼ਣ ਦੇ ਪ੍ਰਭਾਵ ਦਾ ਪਤਾ ਲਗਾਉਣ ਲਈ ਲਗਭਗ ਸਾਢੇ ਅੱਠ ਸਾਲ ਤੱਕ ਇਹ ਅਧਿਐਨ ਕੀਤਾ। ਸਾਲ 2004 ਵਿਚ ਸ਼ੁਰੂ ਕੀਤੇ ਗਏ ਇਸ ਅਧਿਐਨ ਵਿਚ ਲਗਭਗ 25 ਲੱਖ ਲੋਕਾਂ ਨੂੰ ਸ਼ਾਮਲ ਕੀਤਾ ਗਿਆ। ਖੋਜਕਾਰਾਂ ਨੇ ਗੁਰਦਾ ਰੋਗ ਨਾਲ ਸਬੰਧਤ ਇਕ ਪ੍ਰੋਗਰਾਮ ਵਿਚ ਅਮਰੀਕਾ ਦੇ 'ਐਨਵਾਇਰਮੈਂਟਲ ਪ੍ਰੋਟੈਕਸ਼ਨ ਏਜੰਸੀ' (ਈ. ਪੀ. ਏ.) ਅਤੇ ਨਾਸਾ ਵੱਲੋਂ ਜੁਟਾਏ ਗਏ ਹਵਾ ਗੁਣਵੱਤਾ ਦੇ ਪੱਧਰਾਂ ਦੀ ਤੁਲਣਾ ਕੀਤੀ। 
ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਅਧਿਐਨ ਵਿਚ ਪਾਇਆ ਗਿਆ ਕਿ ਗੁਰਦੇ ਦੀ ਬੀਮਾਰੀ ਦੇ 44793 ਨਵੇਂ ਮਾਮਲੇ ਅਤੇ ਕਿਡਨੀ ਦੀ ਅਸਫਲਤਾ ਦੇ 2438 ਮਾਮਲਿਅÎਾਂ ਵਿਚ ਹਵਾ ਪ੍ਰਦੂਸ਼ਣ ਦੇ ਪੱਧਰ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਸਕਦਾ ਹੈ, ਜੋ ਈ. ਪੀ. ਏ. ਦੇ 12 ਮਾਈਕ੍ਰੋ ਗ੍ਰਾਮ ਪ੍ਰਤੀ ਘਣ ਮੀਟਰ ਦੀ ਹੱਦ ਤੋਂ ਕਾਫੀ ਵੱਧ ਹੈ। ਇਹ ਮਨੁੱਖ ਲਈ ਸੁਰੱਖਿਅਤ ਮੰਨੇ ਜਾਣ ਵਾਲੇ ਹਵਾ ਪ੍ਰਦੂਸ਼ਣ ਦਾ ਉੱਚ ਪੱਧਰ ਹੈ।