ਇੰਡੋਨੇਸ਼ੀਆ: ਫੋਨ ਦੇ ਪਾਸਵਰਡ ਕਾਰਨ ਪਤਨੀ ਨੇ ਪਤੀ ਨੂੰ ਜਿਊਂਦਾ ਸਾੜਿਆ

01/20/2019 1:13:47 PM

ਜਕਾਰਤਾ(ਏਜੰਸੀ)— ਪਤੀ-ਪਤਨੀ 'ਚ ਅਕਸਰ ਛੋਟੀ-ਮੋਟੀ ਗੱਲ ਨੂੰ ਲੈ ਕੇ ਝਗੜੇ ਹੋ ਜਾਂਦੇ ਹਨ ਜੋ ਆਪਣੇ ਆਪ ਹੀ ਹੌਲੀ-ਸਹਿਜੇ ਖਤਮ ਹੋ ਜਾਂਦੇ ਹਨ ਪਰ ਇੰਡੋਨੇਸ਼ੀਆ 'ਚ ਪਤੀ-ਪਤਨੀ ਦੇ ਝਗੜੇ ਨੇ ਹਿੰਸਕ ਰੂਪ ਲੈ ਲਿਆ ਅਤੇ ਪਤਨੀ ਨੇ ਆਪਣੇ ਪਤੀ ਦੀ ਜਾਨ ਹੀ ਲੈ ਲਈ। ਜਾਣਕਾਰੀ ਮੁਤਾਬਕ 25 ਸਾਲਾ ਔਰਤ ਇਲਹਾਮ ਚਹਿਆਨੀ ਦੀ ਆਪਣੇ ਪਤੀ ਡੇਡੀ ਪੂਰਨਾਮਾ (26) ਨਾਲ ਲੜਾਈ ਹੋ ਗਈ। ਝਗੜੇ ਮਗਰੋਂ ਇਲਹਾਮ ਨੇ ਡੇਡੀ ਕੋਲੋਂ ਉਸ ਦੇ ਫੋਨ ਦਾ ਪਾਸਵਰਡ ਮੰਗਿਆ ਤਾਂ ਡੇਡੀ ਨੇ ਪਾਸਵਰਡ ਦੱਸਣ ਤੋਂ ਇਨਕਾਰ ਕਰ ਦਿੱਤਾ। ਗੁੱਸੇ 'ਚ ਇਲਹਾਮ ਨੇ ਡੇਡੀ 'ਤੇ ਪੈਟਰੋਲ ਛਿੜਕ ਕੇ ਲਾਈਟਰ ਨਾਲ ਅੱਗ ਲਗਾ ਦਿੱਤੀ। ਅੱਗ ਦੇਖ ਕੇ ਗੁਆਂਢੀ ਮਦਦ ਕਰਨ ਲਈ ਉਨ੍ਹਾਂ ਦੇ ਘਰ ਵੱਲ ਭੱਜੇ ਅਤੇ ਬੁਰੀ ਤਰ੍ਹਾਂ ਸੜ ਚੁੱਕੇ ਡੇਡੀ ਨੂੰ ਹਸਪਤਾਲ ਲੈ ਕੇ ਗਏ। ਡੇਡੀ ਨੇ ਹਸਪਤਾਲ 'ਚ ਦਮ ਤੋੜ ਦਿੱਤਾ।

ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਤੀ-ਪਤਨੀ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਰਿਹਾ ਸੀ। ਇਸ ਦੌਰਾਨ ਪਤੀ ਨੇ ਆਪਣੀ ਪਤਨੀ ਨੂੰ ਕੁੱਟਿਆ ਅਤੇ ਫਿਰ ਪਤਨੀ ਨੇ ਜਦ ਪਤੀ ਕੋਲੋਂ ਫੋਨ ਦਾ ਪਾਸਵਰਡ ਪੁੱਛਿਆ ਤਾਂ ਪਤੀ ਨੇ ਪਾਸਵਰਡ ਦੱਸਣ ਤੋਂ ਇਨਕਾਰ ਕਰ ਦਿੱਤਾ। ਗੁੱਸੇ 'ਚ ਪਤਨੀ ਨੇ ਪੈਟਰੋਲ ਛਿੜਕ ਕੇ ਆਪਣੇ ਪਤੀ ਨੂੰ ਅੱਗ ਲਗਾ ਦਿੱਤੀ। ਫਿਲਹਾਲ ਦੋਸ਼ੀ ਔਰਤ ਪੁਲਸ ਹਿਰਾਸਤ 'ਚ ਹੈ ਅਤੇ ਪੁਲਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।