ਇੰਡੋਨੇਸ਼ੀਆ ਦੇ ਮਾਊਂਟ ਸੋਪੁਤਾਨ ਜੁਆਲਾਮੁਖੀ 'ਚ ਧਮਾਕਾ

12/16/2018 4:29:50 PM

ਜਕਾਰਤਾ (ਵਾਰਤਾ)— ਇੰਡੋਨੇਸ਼ੀਆ ਦੇ ਉੱਤਰੀ ਸੁਲਾਵੇਸੀ ਸੂਬੇ ਵਿਚ ਸਥਿਤ ਮਾਊਂਟ ਸੋਪੁਤਾਨ ਜੁਆਲਾਮੁਖੀ ਵਿਚ ਐਤਵਾਰ ਨੂੰ ਧਮਾਕਾ ਹੋ ਗਿਆ। ਧਮਾਕੇ ਕਾਰਨ ਆਸਮਾਨ ਵੱਲ 7.5 ਕਿਲੋਮੀਟਰ ਦੀ ਉੱਚਾਈ ਤੱਕ ਸੁਆਹ ਦਾ ਢੇਰ ਹਵਾ ਵਿਚ ਉਛਲਿਆ। ਕੌਮੀ ਆਫਤ ਪ੍ਰਬੰਧਨ ਏਜੰਸੀ ਦੇ ਬੁਲਾਰੇ ਸੁਤੁਪੋ ਪੂਰਵੋ ਨੁਗਰੋਹੋ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਜੁਆਲਾਮੁਖੀ ਵਿਚ ਦੋ ਬਾਰ ਧਮਾਕਾ ਹੋਇਆ। ਪਹਿਲਾ ਧਮਾਕਾ ਸਥਾਨਕ ਸਮੇਂ ਮੁਤਾਬਕ 7:43 'ਤੇ ਹੋਇਆ। ਉਦੋਂ ਸੁਆਹ ਦਾ ਢੇਰ 7 ਕਿਲੋਮੀਟਰ ਦੀ ਉੱਚਾਈ ਵਿਚ ਹਵਾ ਵਿਚ ਉਡਿਆ ਸੀ ਜਦਕਿ  8:57 'ਤੇ ਹੋਏ ਦੂਜੇ ਧਮਾਕੇ ਵਿਚ ਸੁਆਹ ਦਾ ਢੇਰ 7.5 ਕਿਲੋਮੀਟਰ ਉੱਚਾ ਸੀ। 

ਨੁਗਰੋਹੋ ਨੇ ਕਿਹਾ ਕਿ ਸੁਆਹ ਅਤੇ ਲਾਵਾ ਜੁਆਲਾਮੁਖੀ ਦੇ ਦੱਖਣ-ਪੱਛਮ ਅਤੇ ਦੱਖਣੀ ਇਲਾਕੇ ਵਿਚ ਫੈਲ ਗਿਆ। ਲੋਕਾਂ ਨੇ ਕਰੀਬ 30 ਮਿੰਟ ਤੱਕ ਝਟਕੇ ਵੀ ਮਹਿਸੂਸ ਕੀਤੇ। ਉਨ੍ਹਾਂ ਨੇ ਕਿਹਾ,''ਜੁਆਲਾਮੁਖੀ ਤੋਂ ਗਰਮ ਅਤੇ ਠੰਡੇ ਲਾਵਾ ਦੇ ਪ੍ਰਵਾਹ ਨੂੰ ਦੇਖਦਿਆਂ ਲੋਕਾਂ ਨੂੰ ਸਾਵਧਾਨ ਕਰ ਦਿੱਤਾ ਗਿਆ ਹੈ। ਜੁਆਲਾਮੁਖੀ ਦੇ ਦੱਖਣੀ-ਪੱਛਮੀ ਖੇਤਰ ਵਿਚ 6.5 ਕਿਲੋਮੀਟਰ ਦੇ ਖੇਤਰਫਲ ਨੂੰ ਅਸੁਰੱਖਿਅਤ ਖੇਤਰ ਐਲਾਨਿਆ ਗਿਆ ਹੈ।'' ਇੱਥੇ ਦੱਸ ਦਈਏ ਕਿ ਮੱਧ ਇੰਡੋਨੇਸ਼ੀਆ ਸਥਿਤ ਮਾਊਂਟ ਸੋਪੁਤਾਨ ਦੇਸ਼ ਦੇ 129 ਕਿਰਿਆਸ਼ੀਲ ਜੁਆਲਾਮੁਖੀਆਂ ਵਿਚੋਂ ਇਕ ਹੈ ਜੋ ਭੂਚਾਲ ਦੇ ਸੰਵੇਦਨਸ਼ੀਲ ਇਲਾਕੇ ਵਿਚ ਸਥਿਤ ਹੈ ਜਿਸ ਨੂੰ 'ਅੱਗ ਦਾ ਗੋਲਾ' ਵੀ ਕਿਹਾ ਜਾਂਦਾ ਹੈ।

Vandana

This news is Content Editor Vandana