ਇਸ ਦੇਸ਼ ''ਚ ਚੱਲਦਾ ਹੈ ਔਰਤਾਂ ਦਾ ਸਿੱਕਾ, ਲਾੜੀ ਨਹੀਂ ਸਗੋਂ ਲਾੜਾ ਜਾਂਦਾ ਹੈ ਸਹੁਰੇ

08/17/2017 5:26:11 PM

ਜਕਾਰਤਾ—  ਤੁਸੀਂ ਹੁਣ ਤੱਕ ਦੁਨੀਆ ਦੇ ਕਈ ਦੇਸ਼ਾਂ 'ਚ ਪ੍ਰਚਲਿਤ ਅਜੀਬੋ-ਗਰੀਬ ਰੀਤੀ-ਰਿਵਾਜ਼ਾਂ ਬਾਰੇ ਸੁਣਿਆ ਹੋਵੇਗਾ। ਇਹ ਰਿਵਾਜ਼ ਸਦੀਆਂ ਤੋਂ ਚੱਲੇ ਆ ਰਹੇ ਹਨ। ਇੰਡੋਨੇਸ਼ੀਆ ਦੇ ਸੁਮਾਤਰਾ ਵਿਚ ਰਹਿਣ ਵਾਲੀ ਮਿਨਾਂਗਕਬਾਊ ਦੁਨੀਆ ਦੀ ਸਭ ਤੋਂ ਵੱਡੀ ਕਮਿਊਨਿਟੀ ਹੈ, ਜਿੱਥੇ ਔਰਤਾਂ ਦਾ ਰਾਜ਼ ਚੱਲਦੀ ਹੈ। ਇੰਡੋਨੇਸ਼ੀਆ ਹੀ ਅਜਿਹਾ ਦੇਸ਼ ਹੈ, ਜਿੱਥੇ ਔਰਤਾਂ ਦੀ ਹਕੂਮਤ ਚੱਲਦੀ ਹੈ। ਇਸ ਮੁਸਲਿਮ ਭਾਈਚਾਰੇ ਦੇ ਮਰਦ ਵਿਆਹ ਤੋਂ ਬਾਅਦ ਸਹੁਰੇ ਘਰ ਵਿਚ ਰਹਿਣ ਜਾਂਦੇ ਹਨ। ਜੱਦੀ ਧਨ-ਜਾਇਦਾਦ ਮਾਂ ਤੋਂ ਧੀਆਂ ਨੂੰ ਮਿਲਦੀ ਹੈ ਅਤੇ ਬੱਚਿਆਂ ਨੂੰ ਮਾਂ ਦਾ ਨਾਂ ਮਿਲਦਾ ਹੈ। ਫੈਸਲਿਆਂ ਵਿਚ ਔਰਤਾਂ ਦੀ ਅਹਿਮ ਭੂਮਿਕਾ ਹੁੰਦੀ ਹੈ। ਪਰਿਵਾਰਕ ਲੜਾਈ-ਝਗੜਿਆਂ ਦਾ ਨਿਪਟਾਰਾ ਵੀ ਉਹ ਹੀ ਕਰਦੀਆਂ ਹਨ। ਮਰਦ ਕਮਾ ਕੇ ਲਿਆਉਂਦੇ ਹਨ ਅਤੇ ਇਸ ਦੇ ਨਾਲ ਹੀ ਧਾਰਮਿਕ ਅਤੇ ਸਿਆਸੀ ਮਾਮਲੇ ਵੀ ਦੇਖਦੇ ਹਨ।
ਮਿਨਾਂਗਕਬਾਊ ਭਾਈਚਾਰਾ ਆਪਣੀ ਵਿਆਹ ਪ੍ਰਥਾ ਲਈ ਦੁਨੀਆ ਭਰ ਵਿਚ ਮਸ਼ਹੂਰ ਹੈ। ਕਿਹਾ ਜਾਂਦਾ ਹੈ ਕਿ 12ਵੀਂ ਸਦੀ ਦੇ ਮੱਧ ਵਿਚ ਇੱਥੇ ਰਾਜਾ ਮਹਾਰਾਜੋ ਦਿਰਾਜੋ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪਿੱਛੇ 3 ਰਾਣੀਆਂ ਅਤੇ ਉਨ੍ਹਾਂ ਦੇ 3 ਪੁੱਤਰ ਰਹਿ ਗਏ ਸਨ। ਤਿੰਨਾਂ ਪੁੱਤਰਾਂ ਦੀ ਉਮਰ ਕਾਫੀ ਘੱਟ ਸੀ, ਤਾਂ ਵੱਡੀ ਰਾਣੀ ਨੇ ਸ਼ਾਸਨ ਦਾ ਜ਼ਿੰਮਾ ਲਿਆ। ਇਸ ਤਰ੍ਹਾਂ ਇੱਥੇ ਔਰਤਾਂ ਦੇ ਰਾਜ਼ ਦੀ ਸ਼ੁਰੂਆਤ ਹੋਈ। ਇਸੇ ਕਾਰਨ ਇੱਥੇ ਵਿਆਹ ਤੋਂ ਬਾਅਦ ਕੁੜੀਆਂ ਸਹੁਰੇ ਘਰ ਨਹੀਂ ਜਾਂਦੀਆਂ, ਸਗੋਂ ਕਿ ਲਾੜਾ ਘਰ ਜਵਾਈ ਬਣਦਾ ਹੈ। ਹਾਲਾਂਕਿ ਮਰਦਾਂ ਦਾ ਕੰਮ ਘਰ ਬੈਠਣਾ ਨਹੀਂ ਹੈ, ਸਗੋਂ ਕਿ ਕਮਾ ਕੇ ਪਤਨੀ ਅਤੇ ਪਰਿਵਾਰ ਦਾ ਪੇਟ ਪਾਲਣਾ ਹੁੰਦਾ ਹੈ। ਫਿਲਹਾਲ ਇਸ ਭਾਈਚਾਰੇ ਦੀ ਆਬਾਦੀ ਤਕਰੀਬਨ 90 ਲੱਖ ਦੇ ਆਲੇ-ਦੁਆਲੇ ਹੈ।