ਆਸਟ੍ਰੇਲੀਆ ਨੂੰ 210 ਟਨ ਕੂੜਾ ਵਾਪਸ ਭੇਜੇਗਾ ਇੰਡੋਨੇਸ਼ੀਆ

07/09/2019 1:47:25 PM

ਜਕਾਰਤਾ/ ਸਿਡਨੀ—  ਇੰਡੋਨੇਸ਼ੀਆ ਵਿਦੇਸ਼ੀ ਕੂੜੇ ਲਈ ਡੰਪਿੰਗ ਦਾ ਸਥਾਨ ਬਣ ਰਿਹਾ ਹੈ ਤੇ ਇਸ ਤੋਂ ਬਚਣ ਲਈ ਉਸ ਨੇ ਸਖਤ ਕਦਮ ਚੁੱਕੇ ਹਨ। ਇੰਡੋਨੇਸ਼ੀਆ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਆਸਟ੍ਰੇਲੀਆ ਤੋਂ ਆਏ 210 ਟਨ ਕੂੜੇ ਨੂੰ ਵਾਪਸ ਭੇਜੇਗਾ। 

ਪੂਰਬੀ ਜਾਵਾ ਦੀ ਏਜੰਸੀ ਦੇ ਇਕ ਬੁਲਾਰੇ ਨੇ ਦੱਸਿਆ ਕਿ ਸੁਰਾਬਾਇਆ ਨਗਰ 'ਚੋਂ 8 ਕੰਟੇਨਰ ਜ਼ਬਤ ਕੀਤੇ ਗਏ, ਜਿਨ੍ਹਾਂ 'ਚ ਰੱਦੀ ਕਾਗਜ਼ਾਂ ਦੀ ਥਾਂ ਖਤਰਨਾਕ ਪਦਾਰਥਾਂ ਦੇ ਨਾਲ-ਨਾਲ ਪਲਾਸਟਿਕ ਦੀਆਂ ਬੋਤਲਾਂ ਅਤੇ ਵਰਤੇ ਹੋਏ ਡਾਇਪਰ, ਇਲੈਕਟ੍ਰੋਨਿਕ ਕੂੜਾ ਅਤੇ ਕੈਨ ਸਨ।

ਏਜੰਸੀ ਨੇ ਇਕ ਵੱਖਰੇ ਬਿਆਨ 'ਚ ਦੱਸਿਆ ਕਿ ਇਸ ਦੀ ਜਾਂਚ ਮਗਰੋਂ ਇੰਡੋਨੇਸ਼ੀਆ ਦੇ ਵਾਤਾਵਰਣ ਮੰਤਰੀ ਨੇ ਕੂੜਾ ਵਾਪਸ ਭੇਜਣ ਦੀ ਸਿਫਾਰਸ਼ ਕੀਤੀ। ਚੀਨ ਨੇ 2018 'ਚ ਵਿਦੇਸ਼ੀ ਪਲਾਸਟਿਕ ਕੂੜੇ ਦੇ ਇੰਪੋਰਟ 'ਤੇ ਰੋਕ ਲਗਾ ਦਿੱਤੀ ਹੈ। ਇਸ ਦੇ ਬਾਅਦ ਤੋਂ ਗਲੋਬਲੀ ਰੀਸਾਇਕਲ ਖੇਤਰ 'ਚ ਉਥਲ-ਪੁਥਲ ਮਚ ਗਈ। ਹੁਣ ਪੱਛਮੀ ਦੇਸ਼ ਆਪਣਾ ਕੂੜਾ ਕਿੱਥੇ ਭੇਜਣ ਇਸ ਦੇ ਲਈ ਸੰਘਰਸ਼ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਇੰਡੋਨੇਸ਼ੀਆ ਦਾ ਦੋਸ਼ ਹੈ ਕਿ ਰੱਦੀ ਕਾਗਜ਼ਾਂ ਦੇ ਨਾਂ 'ਤੇ ਉਨ੍ਹਾਂ ਦੇ ਦੇਸ਼ 'ਚ ਅਜਿਹਾ ਕੂੜਾ ਭੇਜਿਆ ਜਾਂਦਾ ਹੈ ਜੋ ਸਭ ਲਈ ਖਤਰਨਾਕ ਸਿੱਧ ਹੋ ਸਕਦਾ ਹੈ।