ਇੰਡੋਨੇਸ਼ੀਆ : 250 ਵਿਦਿਆਰਥੀਆਂ ਨੂੰ ਵਹਾ ਕੇ ਲੈ ਗਈ ਨਦੀ, 7 ਦੀ ਮੌਤ

02/22/2020 2:29:04 PM

ਜਕਾਰਤਾ— ਇੰਡੋਨੇਸ਼ੀਆ ਦੇ ਯੋਗਕਾਰਕਾ ਸੂਬੇ 'ਚ ਹੜ੍ਹ ਕਾਰਨ ਨਦੀ 250 ਵਿਦਿਆਰਥੀਆਂ ਨੂੰ ਵਹਾ ਕੇ ਲੈ ਗਈ, ਜਿਨ੍ਹਾਂ 'ਚੋਂ 7 ਦੀ ਮੌਤ ਹੋ ਗਈ ਅਤੇ 23 ਹੋਰ ਜ਼ਖਮੀ ਹੋ ਗਏ। ਰਾਸ਼ਟਰੀ ਐਮਰਜੈਂਸੀ ਏਜੰਸੀ ਨੇ ਸ਼ਨੀਵਾਰ ਨੂੰ ਦੱਸਿਆ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦ ਇਕ ਸਕੂਲ ਦੇ ਸਕਾਊਟ ਕਲੱਬ ਦੇ ਲਗਭਗ 250 ਵਿਦਿਆਰਥੀ ਇਕ ਨਦੀ ਕੋਲ ਟ੍ਰੈਕਿੰਗ ਕਰ ਰਹੇ ਸਨ ਅਤੇ ਉਸ ਸਮੇਂ ਭਾਰੀ ਮੀਂਹ ਕਾਰਨ ਅਚਾਨਕ ਨਦੀ 'ਚ ਪਾਣੀ ਦਾ ਵਹਾਅ ਤੇਜ਼ ਹੋ ਗਿਆ।
ਅਧਿਕਾਰੀਆਂ ਨੇ ਬਿਆਨ 'ਚ ਕਿਹਾ,''ਨਦੀ 'ਚ ਅਚਾਨਕ ਤੇਜ਼ ਵਹਾਅ ਕਾਰਨ ਟ੍ਰੈਕਿੰਗ ਕਰਦੇ ਹੋਏ ਵਿਦਿਆਰਥੀ ਰੁੜ੍ਹ ਗਏ।''

ਜ਼ਖਮੀ ਵਿਦਿਆਰਥੀਆਂ ਨੂੰ ਇਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਅਜੇ ਤਿੰਨ ਵਿਦਿਆਰਥੀ ਲਾਪਤਾ ਹਨ, ਜਿਨ੍ਹਾਂ ਨੂੰ ਲੱਭਣ ਲਈ ਤਲਾਸ਼ੀ ਤੇ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਜਨਵਰੀ 'ਚ ਪਏ ਮੀਂਹ ਕਾਰਨ ਆਏ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਰਾਜਧਾਨੀ ਜਕਾਰਤਾ ਅਤੇ ਇਸ ਦੇ ਨੇੜਲੇ ਇਲਾਕਿਆਂ 'ਚ ਲਗਭਗ 70 ਲੋਕਾਂ ਦੀ ਮੌਤ ਹੋ ਗਈ ਜਦਕਿ ਹਜ਼ਾਰਾਂ ਲੋਕਾਂ ਨੂੰ ਘਰ ਖਾਲੀ ਕਰਨ ਲਈ ਮਜਬੂਰ ਹੋਣਾ ਪਿਆ ਹੈ।