ਇਕ ਹਫਤੇ ''ਚ ਤੀਜੀ ਵਾਰ ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬਿਆ ਇੰਡੋਨੇਸ਼ੀਆ

09/23/2019 8:56:38 AM

ਜਕਾਰਤਾ— ਇੰਡੋਨੇਸ਼ੀਆ ਦੇ ਬੀਹਾ 'ਚ ਸੋਮਵਾਰ ਨੂੰ 5.1 ਤੀਬਰਤਾ ਦਾ ਭੂਚਾਲ ਆਇਆ। ਇਕ ਹਫਤੇ ਦੇ ਵੀ ਘੱਟ ਸਮੇਂ 'ਚ ਇੰਡੋਨੇਸ਼ੀਆ 'ਚ ਭੂਚਾਲ ਦੇ ਤੇਜ਼ ਝਟਕੇ ਲੱਗੇ ਹਨ। ਇਸ ਕਾਰਨ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਹਾਲਾਂਕਿ ਕੋਈ ਖਬਰ ਨਹੀਂ ਹੈ। ਇਸ ਤੋਂ ਪਹਿਲਾਂ 19 ਸਤੰਬਰ ਨੂੰ ਦੁਪਹਿਰ ਦੇ 12.36 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਦਾ ਕੇਂਦਰ ਈਸਟ ਜਾਵਾ 'ਚ ਸੀ। ਭੂਚਾਲ ਦੀ ਤੀਬਰਤਾ 6.2 ਮਾਪੀ ਗਈ।

ਇਸ ਤੋਂ ਬਾਅਦ ਐਤਵਾਰ ਨੂੰ ਮਾਲੁਕੂ 'ਚ 6.4 ਤੀਬਰਤਾ ਦੇ ਝਟਕਿਆਂ ਨਾਲ ਭੂਚਾਲ ਆਇਆ। ਇੱਥੇ ਤੜਕੇ ਲਗਭਗ 3 ਵਜੇ ਆਏ ਭੂਚਾਲ ਕਾਰਨ ਲੋਕ ਡਰ ਗਏ ਤੇ ਘਰਾਂ 'ਚੋਂ ਬਾਹਰ ਆ ਗਏ। ਹੁਣ ਸੋਮਵਾਰ ਨੂੰ ਇਕ ਵਾਰ ਫਿਰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ। ਇਸ ਕਾਰਨ ਸੁਨਾਮੀ ਦੀ ਚਿਤਾਵਨੀ ਜਾਰੀ ਨਹੀਂ ਕੀਤੀ ਗਈ।

ਜ਼ਿਕਰਯੋਗ ਹੈ ਕਿ ਇੰਡੋਨੇਸ਼ੀਆ 'ਚ ਭੂਚਾਲ ਦਾ ਖਤਰਾ ਹਮੇਸ਼ਾ ਮੰਡਰਾਉਂਦਾ ਰਹਿੰਦਾ ਹੈ ਕਿਉਂਕਿ ਇਹ ਪ੍ਰਸ਼ਾਂਤ 'ਰਿੰਗ ਆਫ ਫਾਇਰ' ਨਾਮਕ ਇਕ ਕਮਜ਼ੋਰ ਅਤੇ ਭੂਚਾਲ ਪ੍ਰਭਾਵਿਤ ਖੇਤਰ 'ਤੇ ਸਥਿਤ ਹੈ।