ਇੰਡੋਨੇਸ਼ੀਆ : ਮੰਤਰੀ ''ਤੇ ਹਮਲੇ ਦੇ ਬਾਅਦ ਕਰੀਬ ਦੋ ਦਰਜਨ ਸ਼ੱਕੀ ਅੱਤਵਾਦੀ ਗ੍ਰਿਫਤਾਰ

10/15/2019 4:57:30 PM

ਜਕਾਰਤਾ (ਭਾਸ਼ਾ)— ਇਸਲਾਮਿਕ ਸਟੇਟ (ISIS) ਨਾਲ ਜੁੜੇ ਇਕ ਨੈੱਟਵਰਕ ਦੇ ਮੈਂਬਰਾਂ ਵੱਲੋਂ ਇੰਡੋਨੇਸ਼ੀਆ ਦੇ ਇਕ ਮੰਤਰੀ ਦੀ ਹੱਤਿਆ ਦੀ ਕੋਸ਼ਿਸ਼ ਕੀਤੀ ਗਈ। ਇਸ ਮਗਰੋਂ ਪੁਲਸ ਨੇ ਘੱਟੋ-ਘੱਟ ਦੋ ਦਰਜਨ ਤੋਂ ਵੀ ਵੱਧ ਸ਼ੱਕੀ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ। ਵਿਸ਼ਵ ਵਿਚ ਸਭ ਤੋਂ ਜ਼ਿਆਦਾ ਮੁਸਲਿਮ ਆਬਾਦੀ ਵਾਲਾ ਇੰਡੋਨੇਸ਼ੀਆ ਰਾਸ਼ਟਰਪਤੀ ਜੋਕੋ ਵਿਡੋਡੋ ਦੇ ਦੂਜੇ ਕਾਰਜਕਾਲ ਦੀ ਸ਼ੁਰੂਆਤ ਤੋਂ ਪਹਿਲਾਂ ਐਲਰਟ 'ਤੇ ਹੈ। ਅਜਿਹੀ ਸੰਭਾਵਨਾ ਹੈ ਕਿ 27 ਹਜ਼ਾਰ ਫੌਜੀਆਂ ਨੂੰ ਜਕਾਰਤਾ ਵਿਚ ਤਾਇਨਾਤ ਕੀਤਾ ਜਾਵੇਗਾ। 

ਦੇਸ਼ ਦੀ ਖੁਫੀਆ ਏਜੰਸੀ ਦੇ ਬੁਲਾਰੇ ਬਵਾਨ ਪੁਰਵਨਤੋ ਨੇ ਕਿਹਾ ਕਿ ਅਧਿਕਾਰੀਆਂ ਨੇ ਵਿਆਪਕ ਪ੍ਰਦਰਸ਼ਨਾਂ 'ਤੇ ਰੋਕ ਲਗਾ ਦਿੱਤੀ ਹੈ ਕਿਉਂਕਿ ਉਨ੍ਹਾਂ ਨੂੰ ਖਦਸ਼ਾ ਹੈ ਕਿ ਪ੍ਰਦਰਸ਼ਨ ਦੀ ਆੜ ਹੇਠ ਹਮਲਾ ਹੋ ਸਕਦਾ ਹੈ। ਪਿਛਲੇ ਹਫਤੇ ਦੋ ਅੱਤਵਾਦੀਆਂ ਨੇ ਰੱਖਿਆ ਮੰਤਰੀ ਵਿਰਾਂਟੋ ਨੂੰ ਚਾਕੂ ਮਾਰ ਦਿੱਤਾ ਸੀ। ਉਸ ਸਮੇਂ ਉਹ ਪੱਛਮੀ ਜਾਵਾ ਦੀ ਅਧਿਕਾਰਕ ਯਾਤਰਾ 'ਤੇ ਸਨ। ਇਸ ਮਗਰੋਂ 72 ਸਾਲਾ ਨੇਤਾ ਨੂੰ ਹੈਲੀਕਾਪਟਰ ਦੀ ਮਦਦ ਨਾਲ ਜਕਾਰਤਾ ਲਿਆਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। 

ਰਾਸ਼ਟਰੀ ਪੁਲਸ ਦੇ ਬੁਲਾਰੇ ਡੇਡੀ ਪ੍ਰਾਸੇਟਿਓ ਨੇ ਦੱਸਿਆ ਕਿ ਹਮਲੇ ਦੇ ਬਾਅਦ ਤੋਂ ਘੱਟੋ-ਘੱਟ 27 ਸ਼ੱਕੀ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਨੇ ਛਾਪੇਮਾਰੀ ਦੌਰਾਨ ਤੇਜ਼ ਹਥਿਆਰ, ਵਿਸਫੋਟਕ ਪਦਾਰਥ ਅਤੇ ਰਸਾਇਣ ਵੀ ਜ਼ਬਤ ਕੀਤੇ ਹਨ।

Vandana

This news is Content Editor Vandana