US-ਈਰਾਨ ਦੇ ਬਾਅਦ ਹੁਣ ਚੀਨ-ਇੰਡੋਨੇਸ਼ੀਆ ਵਿਚਾਲੇ ਵਧਿਆ ਤਣਾਅ

01/09/2020 5:47:48 PM

ਜਕਾਰਤਾ (ਬਿਊਰੋ): ਅਮਰੀਕਾ-ਈਰਾਨ ਵਿਚਾਲੇ ਚੱਲ ਰਹੇ ਤਣਾਅ ਦੇ ਵਿਚ ਹੁਣ ਚੀਨ ਅਤੇ ਇੰਡੋਨੇਸ਼ੀਆ ਦੇ ਵਿਚ ਤਣਾਅ ਵਧਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਇੰਡੋਨੇਸ਼ੀਆ ਨੇ ਨਤੂਨਾ ਟਾਪੂ ਸਮੂਹ 'ਤੇ ਆਪਣੇ ਕਈ ਜੰਗੀ ਅਤੇ ਲੜਾਕੂ ਜਹਾਜ਼ ਤਾਇਨਾਤ ਕਰ ਦਿੱਤੇ ਹਨ। ਇਕ ਸਮਾਚਾਰ ਏਜੰਸੀ ਦੀ ਰਿਪੋਰਟ ਦੇ ਮੁਤਾਬਕ ਦੱਖਣੀ ਚੀਨ ਸਾਗਰ ਦੇ ਇਕ ਟਾਪੂ 'ਤੇ ਆਪਣਾ ਅਧਿਕਾਰ ਜਤਾਉਣ ਲਈ ਇੰਡੋਨੇਸ਼ੀਆ ਵੱਲੋਂ ਨਤੂਨਾ ਟਾਪੂ ਸਮੂਹ 'ਤੇ ਕਈ ਜੰਗੀ ਅਤੇ ਲੜਾਕੂ ਜਹਾਜ਼ ਤਾਇਨਾਤ ਕਰ ਦਿੱਤੇ ਗਏ। ਇੰਨਾ ਹੀ ਨਹੀਂ ਉੱਥੇ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ ਵਿਡੋਡੋ ਵੀ ਪਹੁੰਚ ਚੁੱਕੇ ਹਨ। 

ਰਾਸ਼ਟਰਪਤੀ ਵਿਡੋਡੋ ਦੇ ਪਹੁੰਚਣ ਤੋਂ ਪਹਿਲਾਂ ਹੀ ਇੰਡੋਨੇਸ਼ੀਆ ਦੀ ਫੌਜ ਸਾਵਧਾਨ ਹੋ ਚੁੱਕੇ ਸਨ। ਇੱਥੇ ਪਹੁੰਚ ਕੇ ਵਿਡੋਡੋ ਨੇ ਕਿਹਾ ਕਿ ਇਸ ਟਾਪੂ 'ਤੇ ਸਿਰਫ ਇੰਡੋਨੇਸ਼ੀਆ ਦਾ ਅਧਿਕਾਰ ਹੈ ਜਦਕਿ ਖੇਤਰ ਵਿਚ ਚੀਨ ਦਾ ਇੰਡੋਨੇਸ਼ੀਆ ਦੇ ਇਲਾਵਾ ਵੀਅਤਨਾਮ, ਫਿਲਪੀਨਜ਼ ਅਤੇ ਮਲੇਸ਼ੀਆ ਦੇ ਨਾਲ ਵੀ ਵਿਵਾਦ ਚੱਲ ਰਿਹਾ ਹੈ। ਅਸਲ ਵਿਚ ਹਾਲ ਹੀ ਵਿਚ ਤਣਾਅ ਉਦੋਂ ਸ਼ੁਰੂ ਹੋਇਆ ਜਦੋਂ ਪਿਛਲੇ ਦਿਨੀਂ ਇਸ ਵਿਵਾਦਮਈ ਖੇਤਰ ਤੋਂ ਚੀਨ ਦੇ ਕਈ ਜਹਾਜ਼ ਲੰਘੇ ਸਨ। ਇਸ ਦੇ ਬਾਅਦ ਇੰਡੋਨੇਸ਼ੀਆ ਨੇ ਚੀਨ ਦੇ ਰਾਜਦੂਤ ਨੂੰ ਤਲਬ ਕਰ ਕੇ ਆਪਣੀ ਸ਼ਿਕਾਇਤ ਦਰਜ ਕਰਵਾਈ ਸੀ। 

ਉੱਧਰ ਚੀਨ ਪੂਰੇ ਦੱਖਣੀ ਚੀਨ ਸਾਗਰ ਖੇਤਰ 'ਤੇ ਆਪਣਾ ਏਕਾਧਿਕਾਰ ਜ਼ਾਹਰ ਕਰਦਾ ਰਿਹਾ ਹੈ। ਇਹ ਖੇਤਰ ਅੰਤਰਰਾਸ਼ਟਰੀ ਵਪਾਰ ਦੇ ਪ੍ਰਮੁੱਖ ਰਸਤੇ ਦੇ ਇਲਾਵਾ ਮੱਛੀਆਂ ਦਾ ਬਹੁਤ ਵੱਡਾ ਭੰਡਾਰ ਵੀ ਮੰਨਿਆ ਜਾਂਦਾ ਹੈ। 

ਇਹ ਹੈ ਦੱਖਣ ਚੀਨ ਸਾਗਰ ਦਾ ਮਾਮਲਾ 
ਦੱਖਣੀ ਚੀਨ ਸਾਗਰ 'ਤੇ ਚੀਨ ਸ਼ੁਰੂ ਤੋਂ ਹੀ ਆਪਣਾ ਇਕਪਾਸੜ ਹੱਕ ਜ਼ਾਹਰ ਕਰਦਾ ਰਿਹਾ ਹੈ। ਜਦਕਿ ਇੰਡੋਨੇਸ਼ੀਆ ਅਤੇ ਵੀਅਤਨਾਮ ਦੇ ਵਿਚ ਪੈਣ ਵਾਲਾ ਸਮੁੰਦਰ ਦਾ ਹਿੱਸਾ ਕਰੀਬ 35 ਲੱਖ ਵਰਗ ਕਿਲੋਮੀਟਰ ਵਿਚ ਫੈਲਿਆ ਹੋਇਆ ਹੈ। ਇਸ ਹਿੱਸੇ 'ਤੇ ਚੀਨ, ਫਿਲਪੀਨਜ਼, ਵੀਅਤਨਾਮ, ਮਲੇਸ਼ੀਆ, ਤਾਈਵਾਨ ਅਤੇ ਬਰੁਨੇਈ ਆਪਣਾ ਦਾਅਵਾ ਕਰਦੇ ਰਹੇ ਹਨ। ਇਸ ਇਲਾਕੇ ਵਿਚ ਜੀਵਾਂ ਦੀਆਂ ਸੈਂਕੜੇ ਪ੍ਰਜਾਤੀਆਂ ਪਾਈਆਂ ਜਾਂਦੀਆਂ ਹਨ। ਇਸ ਇਲਾਕੇ ਨੂੰ ਲੈ ਕੇ ਕਰੀਬ 4 ਸਾਲ ਪਹਿਲਾਂ ਚੀਨ ਦੇ ਸਮੁੰਦਰ ਵਿਚ ਖੋਦਾਈ ਕਰਨ ਵਾਲੇ ਜਹਾਜ਼, ਵੱਡੀ ਗਿਣਤੀ ਵਿਚ ਇੱਟਾਂ, ਰੇਤ ਅਤੇ ਬਜ਼ਰੀ ਲੈ ਕੇ ਦੱਖਣੀ ਚੀਨ ਸਾਗਰ ਪਹੁੰਚੇ। 

ਉਹਨਾਂ ਨੇ ਇਕ ਛੋਟੀ ਸਮੁੰਦਰੀ ਪੱਟੀ ਦੇ ਆਲੇ-ਦੁਆਲੇ, ਰੇਤ, ਬਜ਼ਰੀ ਇੱਟਾਂ ਅਤੇ ਕੰਕਰੀਟ ਦੀ ਮਦਦ ਨਾਲ ਵੱਡੇ ਪੱਧਰ 'ਤੇ ਨਿਰਮਾਣ ਕੰਮ ਸ਼ੁਰੂ ਕਰ ਕੇ ਪਹਿਲਾਂ ਇਕ ਬੰਦਰਗਾਹ ਬਣਾਈ ਅਤੇ ਫਿਰ ਹਵਾਈ ਜਹਾਜ਼ਾਂ ਦੇ ਉਤਰਨ ਲਈ ਹਵਾਈ ਪੱਟੀ ਬਣਾ ਲਈ। ਦੇਖਦੇ ਹੀ ਦੇਖਦੇ ਚੀਨ ਨੇ ਦੱਖਣੀ ਚੀਨ ਸਾਗਰ ਵਿਚ ਇਕ ਨਕਲੀ ਟਾਪੂ ਤਿਆਰ ਕਰ ਕੇ ਉਸ 'ਤੇ ਮਿਲਟਰੀ ਅੱਡਾ ਬਣਾ ਲਿਆ। ਇਸ ਇਲਾਕੇ ਵਿਚ ਚੀਨ ਨੇ ਹੌਲੀ-ਹੌਲੀ ਕਈ ਛੋਟੇ ਟਾਪੂ 'ਤੇ ਮਿਲਟਰੀ ਅੱਡੇ ਬਣਾ ਲਏ ਫਿਰ ਇਸ 'ਤੇ ਵਿਵਾਦ ਸ਼ੁਰੂ ਹੋ ਗਿਆ।


Vandana

Content Editor

Related News