ਏਸ਼ੀਆਈ ਖੇਡਾਂ ਲਈ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਨੇ 65,000 ਲੋਕਾਂ ਨਾਲ ਕੀਤਾ ਡਾਂਸ

08/05/2018 4:09:27 PM

ਜਕਾਰਤਾ (ਭਾਸ਼ਾ)— ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ ਵਿਡੋਡੋ ਨੇ ਏਸ਼ੀਆਈ ਖੇਡਾਂ ਦੇ ਪ੍ਰਚਾਰ ਲਈ ਐਤਵਾਰ ਨੂੰ ਲੱਗਭਗ 65,000 ਲੋਕਾਂ ਨਾਲ ਰਵਾਇਤੀ ਡਾਂਸ ''ਪੋਕੋ ਪੋਕੋ'' ਕੀਤਾ। ਇਸ ਦੇ ਨਾਲ ਹੀ ਵੱਡੀ ਗਿਣਤੀ ਵਿਚ ਇਕੱਠਿਆਂ ਰਵਾਇਤੀ ਡਾਂਸ ਕਰਨ ਦਾ ਵਿਸ਼ਵ ਰਿਕਾਰਡ ਬਨਾਉਣ ਦੀ ਕੋਸ਼ਿਸ਼ ਕੀਤੀ ਗਈ। ਏਸ਼ੀਆਈ ਖੇਡਾਂ ਦਾ ਆਯੋਜਨ 18 ਅਗਸਤ ਤੋਂ 2 ਸਤੰਬਰ ਤੱਕ ਇੰਡੋਨੇਸ਼ੀਆ ਦੇ ਜਕਾਰਤਾ ਅਤੇ ਪਾਲੇਮਬੈਂਗ ਸ਼ਹਿਰ ਵਿਚ ਹੋਵੇਗਾ। ਪਰ ਰਾਸ਼ਟਰਪਤੀ ਨੂੰ ਇਸ ਗੱਲ ਦੀ ਸ਼ਿਕਾਇਤ ਹੈ ਕਿ ਇਨ੍ਹਾਂ ਖੇਡਾਂ ਨੂੰ ਲੈ ਕੇ ਦੇਸ਼ ਵਿਚ ਉਤਸ਼ਾਹ ਅਤੇ ਸਮਰਥਨ ਦੀ ਕਮੀ ਹੈ। ਲੋਕਾਂ ਨੂੰ ਉਤਸ਼ਾਹਿਤ ਕਰਨ ਅਤੇ ਖੇਡਾਂ ਵਿਚ ਸਮਰਥਨ ਦੀ ਮੰਗ ਵਧਾਉਣ ਲਈ ਅਧਿਕਾਰੀਆਂ ਨੇ ''ਪੋਕੋ ਪੋਕੋ'' ਦਾ ਸਹਾਰਾ ਲਿਆ। ਦੇਸ਼ ਦੇ ਝੰਡੇ ਦੀ ਤਰ੍ਹਾਂ ਲਾਲ ਅਤੇ ਸਫੇਦ ਰੰਗ ਦੇ ਕੱਪੜਿਆਂ ਵਿਚ ਵਿਡੋਡੋ ਨੇ ਆਪਣੀ ਪਤਨੀ ਇਰੀਆਨਾ ਅਤੇ ਕਈ ਵੱਡੇ ਅਧਿਕਾਰੀਆਂ ਨਾਲ ਇੱਥੇ ਹਜ਼ਾਰਾਂ ਦੀ ਗਿਣਤੀ ਵਿਚ ਇਕੱਠੇ ਹੋਏ ਲੋਕਾਂ ਨਾਲ ਡਾਂਸ ਕੀਤਾ। ਆਯੋਜਕਾਂ ਨੂੰ ਉਮੀਦ ਹੈ ਕਿ ਇਸ ਵੱਡੇ ਆਯੋਜਨ ਨੇ ਇਕੱਠਿਆਂ ਵੱਡੀ ਗਿਣਤੀ ਵਿਚ ਲੋਕਾਂ ਵੱਲੋਂ ਰਵਾਇਤੀ ਡਾਂਸ ਕਰਨ ਦਾ ਨਵਾਂ ਰਿਕਾਰਡ ਬਣਾਇਆ ਹੈ।