ਇੰਡੋਨੇਸ਼ੀਆ: ਭੂਚਾਲ ਦੇ ਝਟਕਿਆਂ ਨਾਲ ਹਿਲਿਆ ਬਾਲੀ, 3 ਮੌਤਾਂ

10/16/2021 1:45:50 PM

ਦੇਨਪਾਸਰ/ਇੰਡੋਨੇਸ਼ੀਆ (ਭਾਸ਼ਾ)- ਸ਼ਨੀਵਾਰ ਤੜਕੇ ਇੰਡੋਨੇਸ਼ੀਆ ਦੇ ਟਾਪੂ ਬਾਲੀ ਵਿਚ ਮੱਧਮ ਤੀਬਰਤਾ ਦਾ ਭੂਚਾਲ ਆਇਆ ਅਤੇ ਉਸ ਦੇ ਬਾਅਦ ਇਕ ਹੋਰ ਝਟਕਾ ਮਹਿਸੂਸ ਕੀਤਾ ਗਿਆ। ਇਸ ਵਿਚ 3 ਲੋਕਾਂ ਦੀ ਮੌਤ ਹੋ ਗਈ ਅਤੇ 7 ਹੋਰ ਜ਼ਖ਼ਮੀ ਹੋ ਗਏ। ਅਮਰੀਕੀ ਭੂ-ਵਿਗਿਆਨ ਸਰਵੇਖਣ ਨੇ ਦੱਸਿਆ ਕਿ ਭੂਚਾਲ ਦੀ ਤੀਬਰਤਾ 4.8 ਮਾਪੀ ਗਈ ਹੈ। ਭੂਚਾਲ ਬਾਲੀ ਦੇ ਪਤਨ ਸ਼ਹਿਰ ਸਿੰਗਰਾਜਾ ਤੋਂ ਉੱਤਰ -ਪੂਰਬ ਵਿਚ 62 ਕਿਲੋਮੀਟਰ ਦੀ ਦੂਰੀ 'ਤੇ ਅਤੇ 10 ਕਿਲੋਮੀਟਰ ਦੀ ਡੂੰਘਾਈ 'ਤੇ ਆਇਆ। ਇਸ ਤੋਂ ਬਾਅਦ 4.3 ਤੀਬਰਤਾ ਦਾ ਇਕ ਝਟਕਾ 282 ਕਿਲੋਮੀਟਰ ਦੀ ਡੂੰਘਾਈ 'ਤੇ ਆਇਆ। ਟਾਪੂ ਦੀ ਖੋਜ ਅਤੇ ਬਚਾਅ ਏਜੰਸੀ ਦੇ ਮੁਖੀ ਗੇਦੇ ਦਾਰਮਾਦਾ ਨੇ ਕਿਹਾ ਕਿ ਭੂਚਾਲ ਕਾਰਨ ਜਾਨ-ਮਾਲ ਦੇ ਨੁਕਸਾਨ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਕੈਨੇਡਾ ਦੀ ਨਵੀਂ ਕੈਬਨਿਟ 26 ਅਕਤੂਬਰ ਨੂੰ ਚੁੱਕੇਗੀ ਸਹੁੰ! ਭਾਰਤੀ ਮੂਲ ਦੀ ਅਨੀਤਾ ਬਣ ਸਕਦੀ ਹੈ ਰੱਖਿਆ ਮੰਤਰੀ

ਉਨ੍ਹਾਂ ਕਿਹਾ ਕਿ ਜ਼ਖ਼ਮੀ ਲੋਕਾਂ ਦੀਆਂ ਹੱਡੀਆਂ ਟੁੱਟ ਗਈਆਂ ਹਨ, ਕਈਆਂ ਦੇ ਸਿਰ ਵਿਚ ਜ਼ਖਮ ਹਨ। ਉਨ੍ਹਾਂ ਕਿਹਾ ਕਿ ਭੂਚਾਲ ਕਾਰਨ ਪਹਾੜੀ ਜ਼ਿਲ੍ਹੇ ਵਿਚ ਜ਼ਮੀਨ ਖਿਸਕਣ ਕਾਰਨ ਘੱਟੋ-ਘੱਟ 2 ਲੋਕਾਂ ਦੀ ਮੌਤ ਹੋ ਗਈ ਅਤੇ ਘੱਟੋ-ਘੱਟ ਤਿੰਨ ਪਿੰਡਾਂ ਤੱਕ ਜਾਣ ਵਾਲੇ ਰਸਤੇ ਬੰਦ ਹੋ ਗਏ। ਦਾਰਮਾਦਾ ਨੇ ਕਿਹਾ ਕਿ ਭੂਚਾਲ ਦੇ ਕੇਂਦਰ ਦੇ ਨਜ਼ਦੀਕ ਕਰਾਂਗਸੇਮ ਵਿਚ ਮਲਬਾ ਡਿੱਗਣ ਨਾਲ ਇਕ 3 ਸਾਲਾ ਬੱਚੀ ਦੀ ਮੌਤ ਹੋ ਗਈ। ਸੈਲਾਨੀਆਂ ਵਿਚ ਬਹੁਤ ਮਸ਼ਹੂਰ ਇਹ ਟਾਪੂ ਵੀਰਵਾਰ ਨੂੰ ਇਕ ਸਾਲ ਤੋਂ ਵੱਧ ਸਮੇਂ ਬਾਅਦ ਪਹਿਲੀ ਵਾਰ ਅੰਤਰਰਾਸ਼ਟਰੀ ਯਾਤਰੀਆਂ ਲਈ ਖੋਲ੍ਹਿਆ ਗਿਆ ਸੀ। ਇਸ ਤੋਂ ਪਹਿਲਾਂ ਜਨਵਰੀ ਵਿਚ ਇੱਥੇ 6.2 ਤੀਬਰਤਾ ਦਾ ਭੂਚਾਲ ਆਇਆ ਸੀ, ਜਿਸ ਵਿਚ ਘੱਟੋ-ਘੱਟ 105 ਲੋਕ ਮਾਰੇ ਗਏ ਸਨ ਅਤੇ ਲਗਭਗ 6,500 ਜ਼ਖ਼ਮੀ ਹੋਏ ਸਨ।

ਇਹ ਵੀ ਪੜ੍ਹੋ : ਕੈਨੇਡਾ 'ਚ ਕਾਰ ਅਤੇ ਰੇਲ ਵਿਚਾਲੇ ਭਿਆਨਕ ਟੱਕਰ,ਮ੍ਰਿਤਕਾਂ ਅਤੇ ਜ਼ਖ਼ਮੀਆਂ 'ਚ ਪੰਜਾਬਣ ਵਿਦਿਆਰਥਣਾਂ ਵੀ ਸ਼ਾਮਲ

cherry

This news is Content Editor cherry