ਇਹ ਹੈ ਦੁਨੀਆ ਦਾ ਇਕ ਅਜਿਹਾ ਸ਼ਹਿਰ ਜਿੱਥੇ 1 ਦਿਨ ਲਈ ਸਾਰਿਆਂ ਨੂੰ ਰਹਿਣਾ ਪੈਂਦਾ ਹੈ ਚੁੱਪ

12/11/2017 2:34:01 PM

ਬਾਲੀ(ਬਿਊਰੋ)— ਕਿਸੇ ਲਈ ਥੋੜ੍ਹੀ ਦੇਰ ਲਈ ਚੁੱਪ ਰਹਿਣਾ ਕਿੰਨਾਂ ਮੁਸ਼ਕਲ ਹੁੰਦਾ ਹੈ ਪਰ ਜ਼ਰਾ ਸੋਚੋ ਜੇਕਰ ਤੁਹਾਨੂੰ ਪੂਰਾ ਦਿਨ ਚੁੱਪ ਰਹਿਣਾ ਹੋਵੇ ਤਾਂ? ਕਿਤੇ ਘੁੰਮਣ ਨਾ ਦਿੱਤਾ ਜਾਵੇ ਤਾਂ? ਕਿੰਨਾ ਮੁਸ਼ਕਲ ਹੋਵੇਗਾ ਇਹ ਸਭ ਕਰਨਾ ਪਰ ਕੁੱਝ ਲੋਕ ਅਜਿਹੇ ਹਨ ਜੋ ਹਰ ਸਾਲ ਆਪਣੇ ਲਈ ਇਕ ਦਿਨ ਕੱਢਦੇ ਹਨ ਸ਼ਾਂਤੀ ਦਾ। ਉਨ੍ਹਾਂ ਦੇ ਇੱਥੇ ਕੋਈ ਮਜ਼ਬੂਰੀ ਨਹੀਂ ਹੁੰਦੀ ਸਗੋਂ ਇਹ ਪਰੰਪਰਾ ਹੁੰਦੀ ਹੈ ਅਤੇ ਪੂਰਾ ਸ਼ਹਿਰ ਇਸ ਪਰੰਪਰਾ ਵਿਚ ਸ਼ਾਮਲ ਹੁੰਦਾ ਹੈ। ਇੰਡੋਨੇਸ਼ੀਆ ਦੇ ਖੂਬਸੂਰਤ ਸ਼ਹਿਰ ਬਾਲੀ ਵਿਚ ਇਕ ਪ੍ਰਥਾ ਹੈ, ਜਿਸ ਨੂੰ 'ਨਏਪੀ' ਕਿਹਾ ਜਾਂਦਾ ਹੈ ਅਤੇ ਇਸ ਨੂੰ ਅੰਗਰੇਜ਼ੀ ਵਿਚ 'ਡੇਅ ਆਫ ਸਾਈਲੈਂਸ' ਵੀ ਕਹਿੰਦੇ ਹਨ ਅਤੇ ਇਹ ਬਾਲੀਨੀਜ਼ ਕੈਲੰਡਰ ਮੁਤਾਬਕ ਹਰ 'ਇਸਾਕਾਵਰਸਾ' (ਸਾਕਾ ਦਾ ਨਵਾਂ ਸਾਲ) ਨੂੰ ਮਨਾਇਆ ਜਾਂਦਾ ਹੈ। ਇਹ ਇਕ ਹਿੰਦੂ ਤਿਉਹਾਰ ਹੈ, ਜਿਸ ਨੂੰ ਬਾਲੀ ਵਿਚ ਮਨਾਇਆ ਜਾਂਦਾ ਹੈ। ਇਸ ਦਿਨ ਰਾਸ਼ਟਰੀ ਛੁੱਟੀ ਹੁੰਦੀ ਹੈ। ਨਏਪੀ ਦੇ ਦਿਨ ਕੋਈ ਵੀ ਕਿਸੇ ਨਾਲ ਗੱਲ ਨਹੀਂ ਕਰਦਾ। ਐਮਰਜੈਂਸੀ ਸੇਵਾਵਾਂ ਤੋਂ ਇਲਾਵਾ ਬਾਜ਼ਾਰ ਅਤੇ ਆਵਾਜਾਈ ਸੇਵਾਵਾਂ ਬੰਦ ਰਹਿੰਦੀਆਂ ਹਨ।
ਕੁੱਝ ਲੋਕ ਪੂਰੇ ਦਿਨ ਵਰਤ ਵੀ ਰੱਖਦੇ ਹਨ। ਪੂਰਾ ਦਿਨ ਬੀਤ ਜਾਣ ਤੋਂ ਬਾਅਦ ਅਗਲੇ ਦਿਨ ਬਾਲੀ ਦੇ ਨੌਜਵਾਨ 'ਓਮੇਦ-ਓਮੇਦਨ' ਜਾਂ 'ਦ ਕੀਸਿੰਗ ਰਿਚੁਅਲ' ਦੀ ਰਸਮ ਵਿਚ ਭਾਗੀਦਾਰ ਬਣਦੇ ਹਨ, ਜਿਸ ਵਿਚ ਉਹ ਇਕ-ਦੂਜੇ ਦੇ ਮੱਥੇ ਨੂੰ ਚੁੰਮ ਕੇ ਨਵੇਂ ਸਾਲ ਦੀਆਂ ਸ਼ੁੱਭਕਾਮਨਾਵਾਂ ਦਿੰਦੇ ਹਨ। ਇਸ ਦਿਨ ਭਾਰਤ ਵਿਚ 'ਓਗਾਦੀ' ਮਨਾਇਆ ਜਾਂਦਾ ਹੈ। ਨਏਪੀ ਦਾ ਇਹ ਇਕ ਦਿਨ ਸਵੈ-ਪ੍ਰਤੀਬਿੰਬ ਲਈ ਰਾਖਵਾਂ ਹੈ। ਇਸ ਦਿਨ ਮੁੱਖ ਪਾਬੰਦੀ ਅੱਗ ਬਾਲਣ 'ਤੇ ਹੁੰਦੀ ਹੈ। ਘਰਾਂ ਵਿਚ ਵੀ ਥੋੜ੍ਹਾ ਹੀ ਉਜਾਲਾ ਕੀਤਾ ਜਾਂਦਾ ਹੇ। ਕੋਈ ਕੰਮ ਨਹੀਂ ਹੁੰਦਾ। ਮਨੋਰੰਜਣ ਦੇ ਸਾਧਨਾਂ 'ਤੇ ਪਾਬੰਦੀ ਹੁੰਦੀ ਹੈ। ਕੋਈ ਵੀ ਕਿਤੇ ਯਾਤਰਾ ਨਹੀਂ ਕਰਦਾ, ਗੱਲ ਕਰਨ 'ਤੇ ਪਾਬੰਦੀ ਹੁੰਦੀ ਹੈ। ਘਰਾਂ ਦੇ ਬਾਹਰ ਪਹਿਰੇਦਾਰੀ ਕਰਨ ਵਾਲੇ ਸਿਕਿਓਰਿਟੀ ਗਾਰਡਸ ਹੀ ਰਹਿੰਦੇ ਹਨ, ਜਿਨ੍ਹਾਂ ਨੂੰ 'ਪਿਕਾਲੈਂਗ' ਕਹਿੰਦੇ ਹਨ। ਪਾਬੰਦੀਆਂ ਦਾ ਪਾਲਣ ਸਹੀ ਢੰਗ ਨਾਲ ਕੀਤਾ ਜਾ ਰਿਹਾ ਹੈ ਜਾਂ ਨਹੀਂ ਇਹ ਲੋਕ ਇਹ ਯਕੀਨੀ ਕਰਦੇ ਹਨ। ਇਹ ਪਰੰਪਰਾ ਬਾਲੀ ਵਿਚ ਰਹਿ ਰਹੇ ਹਿੰਦੂਆਂ ਵੱਲੋਂ ਹੀ ਨਿਭਾਈ ਜਾਂਦੀ ਹੈ। ਇਸ ਤੋਂ ਇਲਾਵਾ ਉਥੇ ਰਹਿਣ ਵਾਲੇ ਹੋਰ ਧਰਮ ਦੇ ਲੋਕਾਂ 'ਤੇ ਇਹ ਪਾਬੰਦੀਆਂ ਲਾਗੂ ਨਹੀਂ ਹੁੰਦੀਆਂ। ਉਨ੍ਹਾਂ ਨੂੰ ਆਪਣੇ ਕੰਮਾਂ ਨੂੰ ਕਰਨ ਦੀ ਆਜ਼ਾਦੀ ਹੁੰਦੀ ਹੈ। ਨਏਪੀ ਤੋਂ ਬਾਅਦ ਅਗਲੇ ਦਿਨ ਉਥੇ ਦੇ ਲੋਕ ਇਕ ਵਾਰ ਫਿਰ ਆਪਣੀ ਪੁਰਾਣੀ ਰੁਟੀਨ ਨੂੰ ਸ਼ੁਰੂ ਕਰਦੇ ਹਨ। ਇਕ-ਦੂਜੇ ਦੇ ਗਲੇ ਲੱਗ ਕੇ ਅਤੇ ਹੋਰ ਪ੍ਰੋਗਰਾਮਾਂ ਅਤੇ ਸਮਾਰੋਹਾਂ ਵਿਚ ਭਾਗ ਲੈਂਦੇ ਹਨ।