ਇੰਡੋਨੇਸ਼ੀਆ ''ਚ ਆਸਮਾਨ ਦਾ ਰੰਗ ਹੋਇਆ ਲਾਲ, ਵੀਡੀਓ ਤੇ ਤਸਵੀਰਾਂ ਵਾਇਰਲ

09/24/2019 1:43:50 PM

ਜਕਾਰਤਾ (ਬਿਊਰੋ)— ਇੰਡੋਨੇਸ਼ੀਆ ਵਿਚ ਆਸਮਾਨ ਲਾਲ ਹੁੰਦਾ ਜਾ ਰਿਹਾ ਹੈ। ਵਾਤਾਵਰਣ ਵਿਚ ਅਜਿਹਾ ਲਾਲ ਰੰਗ ਮੰਗਲ ਗ੍ਰਹਿ ਦਾ ਹੁੰਦਾ ਹੈ। ਲੋਕ ਲਾਲ ਰੰਗ ਵਿਚ ਡੁੱਬੇ ਸ਼ਹਿਰਾਂ, ਸੜਕਾਂ ਅਤੇ ਪਿੰਡਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਰਹੇ ਹਨ। ਇਹ ਲਾਲ ਰੰਗ ਖਤਰੇ ਦਾ ਨਿਸ਼ਾਨ ਹੈ। ਇਸ ਸਥਿਤੀ ਵਿਚ ਲੋਕਾਂ ਦੀਆਂ ਅੱਖਾਂ ਅਤੇ ਗਲੇ ਵਿਚ ਸਾੜ ਅਤੇ ਦਰਦ ਦੀਆਂ ਸ਼ਿਕਾਇਤਾਂ ਵੱਧ ਰਹੀਆਂ ਹਨ ਕਿਉਂਕਿ ਇਹ ਲਾਲ ਰੰਗ ਜੰਗਲ ਦੀ ਅੱਗ ਨਾਲ ਫੈਲੇ ਧੂੰਏਂ ਦੀ ਚਾਦਰ ਕਾਰਨ ਬਣਿਆ ਹੈ। ਇਸ ਚਾਦਰ ਦੀ ਚਪੇਟ ਵਿਚ ਦੱਖਣੀ-ਪੂਰਬੀ ਏਸ਼ੀਆ ਦਾ ਵੱਡਾ ਇਲਾਕਾ ਆਉਂਦਾ ਹੈ। 

ਇੰਡੋਨੇਸ਼ੀਆ ਵਿਚ ਪਿਛਲੇ 8 ਮਹੀਨਿਆਂ ਤੋਂ ਲਗਾਤਾਰ ਕਿਤੇ ਨਾ ਕਿਤੇ ਅੱਗ ਲੱਗ ਰਹੀ ਹੈ। ਇਸ ਨਾਲ 328,724 ਹੈਕਟੇਅਰ ਜ਼ਮੀਨ ਅਤੇ ਜੰਗਲ ਸੁਆਹ ਹੋ ਚੁੱਕੇ ਹਨ। ਇਸ ਕਾਰਨ ਇੰਨਾ ਧੂੰਆਂ ਫੈਲਿਆ ਹੋਇਆ ਹੈ। ਮੌਸਮ ਵਿਗਿਆਨ ਦੀ ਭਾਸ਼ਾ ਵਿਚ ਇਸ ਨੂੰ 'ਰੇਲੇ ਸਕੈਟਰਿੰਗ' ਕਹਿੰਦੇ ਹਨ ਮਤਲਬ ਪ੍ਰਕਾਸ਼ ਦੀਆਂ ਕਿਰਨਾਂ ਦੇ ਖਿਲਰਨ ਕਾਰਨ ਅਜਿਹਾ ਹੁੰਦਾ ਹੈ। ਆਸਮਾਨ ਦਾ ਰੰਗ ਉਦੋਂ ਬਦਲਦਾ ਹੈ ਜਦੋਂ ਧੂੰਏਂ ਵਿਚ ਮੌਜੂਦ ਕਣ ਪ੍ਰਕਾਸ਼ ਪੈਣ 'ਤੇ ਆਪਣਾ ਰੰਗ ਬਦਲ ਲੈਂਦੇ ਹਨ। ਧੂੰਏਂ ਵਿਚ ਮੌਜੂਦ ਜ਼ਿਆਦਾਤਰ ਕਣ ਆਕਾਰ ਵਿਚ ਕਰੀਬ 1 ਮਾਈਕ੍ਰੋਮੀਟਰ ਦੇ ਹੁੰਦੇ ਹਨ, ਕੁਝ ਹੋਰ ਵੀ ਛੋਟੇ ਕਣ ਹੁੰਦੇ ਹਨ। ਇਨ੍ਹਾਂ ਦਾ ਆਕਾਰ 0.05 ਮਾਈਕ੍ਰੋਮੀਟਰ ਜਾਂ ਉਸ ਤੋਂ ਵੀ ਘੱਟ ਹੁੰਦਾ ਹੈ ਜੋ ਧੂੰਏਂ ਵਿਚ ਜ਼ਿਆਦਾ ਹੁੰਦੇ ਹਨ। 

 

 

 

ਅਜਿਹੇ ਆਸਮਾਨ ਵਿਚ ਸੂਰਜ ਦੀ ਰੋਸ਼ਨੀ ਪੈਂਦੇ ਹੀ ਲਾਲ ਰੰਗ ਵਿਚ ਤਬਦੀਲ ਹੋ ਜਾਂਦੀ ਹੈ। ਇਸ ਲਈ ਤੁਸੀਂ ਆਸਮਾਨ ਵਿਚ ਨੀਲੇ ਰੰਗ ਦੀ ਬਜਾਏ ਲਾਲ ਰੰਗ ਦੇਖਦੇ ਹੋ। ਜਿਹੜੀਆਂ ਤਸਵੀਰਾਂ ਵਾਇਰਲ ਹੋਈਆਂ ਹਨ। ਉਹ ਦੁਪਹਿਰ ਸਮੇਂ ਲਈਆਂ ਗਈਆਂ ਹਨ। ਇਸ ਲਈ ਲਾਲ ਰੰਗ ਜ਼ਿਆਦਾ ਦਿਖਾਈ ਦੇ ਰਿਹਾ ਹੈ ਪਰ ਇੱਥੇ ਤਾਪਮਾਨ ਬਰਾਬਰ ਹੀ ਸੀ।

ਇੰਡੋਨੇਸ਼ੀਆ ਦੇ ਜਾਂਬੀ ਸੂਬੇ ਦੇ ਇਕ ਪਿੰਡ ਦੀ ਅਜਿਹੀ ਹੀ ਤਸਵੀਰ ਸਾਹਮਣੇ ਆਈ ਹੈ। ਇੱਥੇ ਰਹਿਣ ਵਾਲੀ 21 ਸਾਲਾ ਵੂਲਨਡਾਰੀ ਨੇ ਲਾਲ ਰੰਗ ਦੇ ਆਸਮਾਨ ਦੀਆਂ ਤਸਵੀਰਾਂ ਫੇਸਬੁੱਕ 'ਤੇ ਸਭ ਤੋਂ ਪਹਿਲਾਂ ਸ਼ੇਅਰ ਕੀਤੀਆਂ ਸਨ। ਉਸ ਨੇ ਲਿਖਿਆ,''ਉਸ ਦਿਨ ਧੂੰਆਂ ਬਹੁਤ ਜ਼ਿਆਦਾ ਸੀ। ਉਸ ਦੇ ਬਾਅਦ ਇਹ ਤਸਵੀਰਾਂ ਹੁਣ ਤੱਕ 35 ਹਜ਼ਾਰ ਤੋਂ ਜ਼ਿਆਦਾ ਵਾਰ ਸ਼ੇਅਰ ਕੀਤੀਆਂ ਜਾ ਚੁੱਕੀਆਂ ਹਨ। ਇਕ ਹੋਰ ਟਵਿੱਟਰ ਯੂਜ਼ਰ ਜੂਨੀ ਸ਼ੋਫੀ ਯਤੁਨ ਨਿਸ਼ਾ ਨੇ ਵੀ ਲਾਲ ਆਸਮਾਨ ਦਾ ਵੀਡੀਓ ਸ਼ੇਅਰ ਕਰਦਿਆਂ ਲਿਖਿਆ,''ਇਹ ਮਾਰਸ ਨਹੀਂ ਜਾਂਬੀ ਹੈ। ਸਾਨੂੰ ਜਿਉਣ ਲਈ ਸਾਫ ਹਵਾ ਚਾਹੀਦੀ ਹੈ ਧੂੰਆਂ ਨਹੀਂ।''

Vandana

This news is Content Editor Vandana