ਇੰਡੋ ਯੂ. ਐੱਸ. ਹੈਰੀਟੇਜ ਵੱਲੋਂ ਪਾਲ ਧਾਲੀਵਾਲ ਨੂੰ ਸੇਜਲ ਅੱਖਾਂ ਨਾਲ ਵਿਦਾਇਗੀ

09/03/2019 9:42:51 AM

ਫਰਿਜਨੋ, (ਨੀਟਾ ਮਾਛੀਕੇ)- ਜ਼ਿੰਦਗੀ ਦੇ ਦੂਸਰੇ ਪੰਧ ਵਿੱਚ ਸਿਰਫ 44 ਸਾਲ ਦੀ ਉਮਰ ਭੋਗ ਕੇ ਫਰਿਜ਼ਨੋ ਨਿਵਾਸੀ ਉੱਘੇ ਰੇਡੀਓ ਹੋਸਟ ਅਤੇ ਗਦਰੀ ਬਾਬਿਆਂ ਨੂੰ ਸਮਰਪਿਤ ਸੰਸਥਾ ਇੰਡੋ ਯੂ. ਐੱਸ. ਹੈਰੀਟੇਜ ਐਸੋਸੀਏਸ਼ਨ ਦੇ ਮੋਢੀ ਮੈਂਬਰ ਪਾਲ ਧਾਲੀਵਾਲ ਪਿਛਲੇ ਦਿਨੀਂ ਅਚਾਨਕ ਦਿਲ ਦਾ ਦੌਰਾ ਪੈਣ ਕਰਕੇ ਸਦਾ ਲਈ ਸਾਥੋਂ ਵਿੱਛੜ ਗਏ ਸਨ। ਲੰਘੇ ਸ਼ੁੱਕਰਵਾਰ ਉਹਨਾਂ ਦਾ ਅੰਤਿਮ ਸੰਸਕਾਰ ਸਥਾਨਕ ਸ਼ਾਂਤ ਭਵਨ ਫਿਊਨਰਲ ਹੋਮ ਵਿੱਚ ਹੋਇਆ, ਜਿੱਥੇ ਇੰਡੋ ਯੂ. ਐਸ. ਹੈਰੀਟੇਜ ਐਸੋਸੀਏਸ਼ਨ ਦੇ ਮੈਂਬਰਾਂ ਤੋਂ ਬਿਨਾਂ ਵੱਡੀ ਗਿਣਤੀ ਵਿੱਚ ਪੰਜਾਬੀ ਭਾਈਚਾਰੇ ਦੇ ਲੋਕਾਂ ਨੇ ਪਹੁੰਚ ਕੇ ਪਾਲ ਧਾਲੀਵਾਲ ਨੂੰ ਸੇਜਲ ਅੱਖਾਂ ਨਾਲ ਵਿਦਾਇਗੀ ਦਿੱਤੀ।

PunjabKesari

ਇਸ ਮੌਕੇ ਪਾਲ ਧਾਲੀਵਾਲ ਨੂੰ ਯਾਦ ਕਰਦਿਆਂ ਪੱਤਰਕਾਰ ਨੀਟਾ ਮਾਛੀਕੇ ਨੇ ਉਸਦੇ 44 ਸਾਲ ਦੇ ਜ਼ਿੰਦਗੀ ਦੇ ਸਫਰ ਤੇ ਪੰਛੀ ਝਾਤ ਪਾਉਂਦਿਆਂ ਪਾਲ ਨੂੰ ਖਿੜੇ ਮੱਥੇ ਮਿਲਣ ਵਾਲਾ, ਹਰ ਇੱਕ ਦੇ ਚਿਹਰੇ ਤੇ ਮੁਸਕਾਨ ਲਿਆਉਣ ਵਾਲਾ ਇੱਕ ਜ਼ੁੰਮੇਵਾਰ ਇਨਸਾਨ ਦੱਸਿਆ। ਰਣਜੀਤ ਗਿੱਲ ਨੇ ਪਾਲ ਨੂੰ ਯਾਦ ਕਰਦਿਆਂ ਉਸਨੂੰ ਇੰਡੋ ਯੂ ਐਸ ਹੈਰੀਟੇਜ ਐਸੋਸੀਏਸ਼ਨ ਦਾ ਅਣਥੱਕ ਵਰਕਰ ਗਰਦਾਨਿਆਂ ‘ਤੇ ਉਸਦੇ ਬੇਵਕਤ ਤੁਰ ਜਾਣ ਨਾਲ ਸੰਸਥਾ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ। ਇਸ ਮੌਕੇ ਗੁਰਦਵਾਰਾ ਸਿੰਘ ਸਭਾ ਦੇ ਬੁਲਾਰੇ ਸੁਖਦੇਵ ਸਿੰਘ ਸਿੱਧੂ ਨੇ ਪਾਲ ਨੂੰ ਹਰ ਇੱਕ ਦੇ ਦੁੱਖ ਸੁਖ ਦਾ ਸਾਂਝੀ ਦੱਸਦਿਆਂ ਪਾਲ ਨੂੰ ਚੰਗੇ ਬੁਲਾਰੇ ਦਾ ਖਿਤਾਬ ਦਿੱਤਾ ਅਤੇ ਉਸ ਦੁਆਰਾ ਰੇਡੀਓ ਪ੍ਰੋਗਰਾਮ ‘ਮੇਰਾ  ਵਸਦਾ ਰਹੇ ਪੰਜਾਬ’ ਦੁਆਰਾ ਭਾਈਚਾਰੇ ਦੀ ਕੀਤੀ ਸੇਵਾ ਨੂੰ ਯਾਦ ਕੀਤਾ। ਉਹਨਾਂ ਦੇ ਵੱਡੇ ਭਾਈ ਸਾਬ੍ਹ ਡਾ. ਅਜੀਤਪਾਲ ਧਾਲੀਵਾਲ ਜਿਹੜੇ ਖ਼ਾਸ ਤੌਰ ਤੇ ਪਾਲ ਦੀਆਂ ਅੰਤਿਮ ਰਸਮਾਂ ਵਿੱਚ ਸ਼ਾਮਲ ਹੋਣ ਲਈ ਪੰਜਾਬ ਤੋਂ ਪਹੁੰਚੇ ਹੋਏ ਸਨ, ਨੇ ਪਾਲ ਦੇ ਤੁਰ ਜਾਣ ਨਾਲ ਪਰਿਵਾਰ ਦੇ ਨਾਲ ਨਾਲ ਭਾਈਚਾਰੇ ਨੂੰ ਵੀ ਨਾਂ ਪੂਰਾ ਹੋਣ ਵਾਲਾ ਘਾਟਾ ਦੱਸਿਆ। ਉਹਨਾ ਸਮੂਹ ਪੰਜਾਬੀ ਭਾਈਚਾਰੇ ਦਾ ਧਾਲੀਵਾਲ ਪਰਿਵਾਰ ਦੇ ਨਾਲ ਇਸ ਦੁੱਖ ਦੀ ਘੜੀ ਵਿੱਚ ਖੜਨ ਲਈ ਧੰਨਵਾਦ ਕੀਤਾ। ਇਸ ਮੌਕੇ ਸੈਂਕੜੇ ਲੋਕ ਪਾਲ ਨੂੰ ਆਖਰੀ ਅਲਵਿਦਾ ਕਹਿਣ ਲਈ ਪੁੱਜੇ ਹੋਏ ਸਨ। ਹਰਇੱਕ ਦੀਆਂ ਅੱਖਾਂ ਵਿੱਚ ਅੱਥਰੂ ਸਨ, ਧਾਲੀਵਾਲ ਪਰਿਵਾਰ ਦੇ ਨਾਲ ਨਾਲ ਸੈਂਕੜੇ ਲੋਕਾਂ ਨੇ ਪਾਲ ਨੂੰ ਸੇਜਲ ਅੱਖਾਂ ਨਾਲ ਵਿਦਾਇਗੀ ਦਿੱਤੀ। ਅੰਤਿਮ ਅਰਦਾਸ ਤੇ ਭੋਗ ਗੁਰਦਵਾਰ ਸਿੰਘ ਸਭਾ ਫਰਿਜਨੋ ਵਿਖੇ ਹੋਏ। ਇੱਥੇ ਵੀ ਵੱਡੀ ਗਿਣਤੀ ਵਿੱਚ ਲੋਕ ਪਾਲ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚੇ ਹੋਏ ਸਨ। 


Related News