ਭਾਰਤ-ਪਾਕਿ ਵਿਚਾਲੇ ਤਣਾਅ ਦੇ ਬਾਵਜੂਦ ਚੱਲ ਰਹੀ ਹੈ ਬੱਸ ਸਦਾ-ਏ-ਸਰਹੱਦ

08/09/2019 3:42:09 PM

ਫਤਹਿਗੜ੍ਹ ਸਾਹਿਬ/ਲਾਹੌਰ (ਏਜੰਸੀ)- ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਦਿੰਦੀ ਧਾਰਾ 370 ਨੂੰ ਖਤਮ ਕਰਨ ਤੋਂ ਬਾਅਦ ਭਾਰਤ ਸਰਕਾਰ ਅਤੇ ਪਾਕਿਸਤਾਨ ਵਿਚਾਲੇ ਤਲਖੀ ਵੱਧਦੀ ਜਾ ਰਹੀ ਹੈ। ਪਾਕਿਸਤਾਨ ਨੇ ਭਾਰਤ ਨਾਲ ਆਪਣੇ ਵਪਾਰਕ ਅਤੇ ਰਣਨੀਤਕ ਸਬੰਧਾਂ ਤੋਂ ਕਿਨਾਰਾ ਕਰ ਲਿਆ ਹੈ ਉੱਥੇ ਹੀ ਭਾਰਤ-ਪਾਕਿਸਤਾਨ ਨੂੰ ‘ਦੋਸਤੀ ਦਾ ਪੈਗ਼ਾਮ’ ਦਿੰਦੀ ਬੱਸ ਸਦਾ-ਏ-ਸਰਹੱਦ ਦਾ ਸਫ਼ਰ ਨਿਰੰਤਰ ਜਾਰੀ ਹੈ। ਬੱਸ ਬਿਨਾਂ ਕਿਸੇ ਰੋਕ-ਟੋਕ ਦੇ ਆਪਣੀ ਮੰਜ਼ਿਲ ਸਰ ਕਰ ਰਹੀ ਹੈ। ਇੰਨਾ ਹੀ ਨਹੀਂ ਬੱਸ ਦੇ ਸਮੇਂ ਵਿੱਚ ਵੀ ਕੋਈ ਤਬਦੀਲੀ ਨਹੀਂ ਕੀਤੀ ਗਈ।
ਸਦਾ-ਏ-ਸਰਹੱਦ ਬੱਸ ਰੋਜ਼ਾਨਾ ਦਿੱਲੀ-ਅੰਮ੍ਰਿਤਸਰ ਮੁੱਖ ਮਾਰਗ ਰਾਹੀਂ ਸਰਹਿੰਦ ਵਿੱਚੋਂ ਦੀ ਲੰਘਦੀ ਹੈ। ਬੱਸ ਦਾ ਸਰਹਿੰਦ ਵਿੱਚ ਸਥਿਤ ਫਲੋਟਿੰਗ ਰੈਸਟੋਰੈਂਟ ਵਿੱਚ ਠਹਿਰਾਓ ਹੈ, ਜਿੱਥੇ ਯਾਤਰੀ ਖਾਣਾ ਖਾਂਦੇ ਹਨ। ਭਾਰਤ-ਪਾਕਿ ਵਿਚਕਾਰ ਇਨ੍ਹੀਂ ਦਿਨੀਂ ਭਾਰੀ ਤਣਾਅ ਦੇ ਚੱਲਦਿਆਂ ਅੱਜ ਬੱਸ ਵਿੱਚ ਸਿਰਫ ਤਿੰਨ ਸਵਾਰੀਆਂ ਹੀ ਸਫ਼ਰ ਕਰ ਰਹੀਆਂ ਸਨ। ਇੱਥੇ ਆਪਣੇ ਤੈਅ ਸਮੇਂ ’ਤੇ ਰੁਕਣ ਮਗਰੋਂ ਬੱਸ ਅਗਲੇ ਪੜਾਅ ਲਈ ਰਵਾਨਾ ਹੋ ਗਈ। ਵਿਭਾਗੀ ਸੂਤਰਾਂ ਨੇ ਦੱਸਿਆ ਕਿ ਸਦਾ-ਏ-ਸਰਹੱਦ ਬੱਸ ਨੂੰ ਦੋਵੇਂ ਦੇਸ਼ਾਂ ਦੇ ਨਾਗਰਿਕਾਂ ਜਾਂ ਸਰਕਾਰ ਵੱਲੋਂ ਫ਼ਿਲਹਾਲ ਕੋਈ ਖ਼ਤਰਾ ਨਹੀਂ ਹੈ।
ਗੌਰਤਲਬ ਹੈ ਕਿ ਭਾਰਤ ਸਰਕਾਰ ਵੱਲੋਂ ਧਾਰਾ 370 ਨੂੰ ਖ਼ਤਮ ਕਰਨ ਦਾ ਆਪਣਾ ਅੰਦਰੂਨੀ ਮਾਮਲਾ ਹੈ ਪਰ ਪਾਕਿਸਤਾਨ ਨੇ ਆਪਣਾ ਰਾਜਦੂਤ ਦਿੱਲੀ ਤੋਂ ਵਾਪਸ ਬੁਲਾਉਣ ਦੇ ਨਾਲ-ਨਾਲ ਪਾਕਿਸਤਾਨ ਵਿੱਚ ਤਾਇਨਾਤ ਭਾਰਤ ਦੇ ਰਾਜਦੂਤ ਨੂੰ ਵੀ ਦੇਸ਼ ਛੱਡਣ ਦੇ ਹੁਕਮ ਜਾਰੀ ਕਰ ਦਿੱਤੇ ਹਨ। ਇਸ ਤੋਂ ਇਲਾਵਾ ਪਾਕਿਸਤਾਨ ਵੱਲੋਂ ਇਸ ਮੁੱਦੇ ਨੂੰ ਯੂਐੱਨ ਵਿੱਚ ਲੈ ਕੇ ਜਾਣ ਦਾ ਵੀ ਦਾਅਵਾ ਕੀਤਾ ਜਾ ਰਿਹਾ ਹੈ ਅਤੇ ਪਾਕਿ ਵੱਲੋਂ ਇਸ ਫ਼ੈਸਲੇ ਦੇ ਵਿਰੋਧ ਵਿੱਚ 15 ਅਗਸਤ ਨੂੰ ਕਾਲੇ ਦਿਵਸ ਵੱਲੋਂ ਮਨਾਉਣ ਦਾ ਐਲਾਨ ਵੀ ਕੀਤਾ ਗਿਆ ਹੈ। ਪਾਕਿਸਤਾਨ ਨੇ ਵਪਾਰਕ ਸਬੰਧ ਵੀ ਤੋੜਨ ਤੋਂ ਇਲਾਵਾ ਭਾਰਤ ਲਈ ਆਪਣਾ ਹਵਾਈ ਖੇਤਰ ਵੀ ਬੰਦ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਆਜ਼ਾਦੀ ਮਿਲਣ ਤੋਂ ਮਗਰੋਂ ਚੱਲ ਰਹੀ ਕੁੜੱਤਣ ਨੂੰ ਦੂਰ ਕਰਨ ਲਈ ਸਦਾ-ਏ-ਸਰਹੱਦ ਬੱਸ 19 ਫਰਵਰੀ 1999 ਨੂੰ ਤਤਕਾਲੀ ਭਾਰਤੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੇ ਯਤਨਾਂ ਸਦਕਾ ਸ਼ੁਰੂ ਕੀਤਾ ਗਿਆ ਸੀ। ਦੋਵਾਂ ਦੇਸ਼ਾਂ ਵਿਚਾਲੇ ਆਉਂਦੇ ਜਾਂਦੇ ਸਮੇਂ ਇਹ ਬੱਸ ਦੇ ਕੁਰੂਕਸ਼ੇਤਰ, ਸਰਹਿੰਦ, ਕੀਰਤਪੁਰ ਸਾਹਿਬ, ਅੰਮ੍ਰਿਤਸਰ ਸਾਹਿਬ ਅਤੇ ਵਾਹਗਾ ’ਚ ਰੁਕਦੀ ਹੋਈ ਇਹ ਬੱਸ ਦੋਸਤੀ ਦਾ ਪੈਗਾਮ ਦੇ ਰਹੀ ਹੈ।


Sunny Mehra

Content Editor

Related News