ਇੰਡੋ ਅਮੈਰਿਕਨ ਹੈਰੀਟੇਜ ਫੋਰਮ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਸਾਥੀਆਂ ਦੀ ਯਾਦ ’ਚ ਕਰਵਾਇਆ ਸ਼ਹੀਦੀ ਸਮਾਗਮ

12/07/2022 1:51:14 AM

ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ) : ਇੰਡੋ ਅਮੈਰਿਕਨ ਹੈਰੀਟੇਜ ਫੋਰਮ ਫਰਿਜ਼ਨੋ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਸਾਥੀਆਂ ਦੀ ਯਾਦ 'ਚ ਸ਼ਹੀਦੀ ਸਮਾਗਮ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਵਾਰ ਦਾ ਸਮਾਗਮ ਉੱਘੇ ਲੇਖਕ ਤੇ ਪੰਜਾਬੀ ਬੁੱਧੀਜੀਵੀ ਸਵ. ਡਾ. ਗੁਰੂਮੇਲ ਸਿੱਧੂ ਜੋ ਕਿ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ, ਨੂੰ ਸਮਰਪਿਤ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਇੰਦਰਜੀਤ ਚੁਗਾਵਾਂ ਨੇ ਕਰਦਿਆਂ ਸਭ ਨੂੰ ਜੀ ਆਇਆਂ ਕਹਿੰਦਿਆਂ ਗਾਇਕ ਰਾਜ ਬਰਾੜ ਨੂੰ ਇਕ ਗੀਤ ਪੇਸ਼ ਕਰਨ ਲਈ ਸੱਦਾ ਦਿੱਤਾ। ਉਪਰੰਤ ਹਰਜਿੰਦਰ ਢੇਸੀ ਨੇ ਸਟੇਜ ਸੰਭਾਲਦਿਆਂ ਸ਼ਹੀਦ ਕਰਤਾਰ ਸਿੰਘ ਸਰਾਭਾ, ਬਿਸ਼ਨੂ ਗਨੇਸ਼ ਪਿੰਗਲੇ, ਸਰੈਣ ਸਿੰਘ ਛੋਟਾ, ਸਰੈਣ ਸਿੰਘ ਵੱਡਾ, ਜਗਤ ਸਿੰਘ, ਹਰਨਾਮ ਸਿੰਘ ਅਤੇ ਬਖਸ਼ੀਸ਼ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ।

ਇਹ ਵੀ ਪੜ੍ਹੋ : ਸਹੁਰਾ ਪਰਿਵਾਰ ਨੇ 5 ਸਾਲਾ ਬੱਚੀ ਦੀ ਮਾਂ 'ਤੇ ਢਾਹਿਆ ਤਸ਼ੱਦਦ, ਪੀੜਤਾ ਨੇ ਰੋ-ਰੋ ਦੱਸਿਆ ਦਰਦ

ਇਸ ਮੌਕੇ ਡਾ. ਗੁਰੂਮੇਲ ਸਿੱਧੂ ਦੇ ਜੀਵਨ ਤੇ ਉਨ੍ਹਾਂ ਦੁਆਰਾ ਲਿਖੀਆਂ ਕਿਤਾਬਾਂ ਬਾਰੇ ਵਿਸਥਾਰਤ ਜਾਣਕਾਰੀ ਦਿੱਤੀ ਗਈ। ਬੁਲਾਰਿਆਂ 'ਚ ਕਹਾਣੀਕਾਰ ਕਰਮ ਸਿੰਘ ਨੇ ਉਨ੍ਹਾਂ ਨਾਲ ਬਿਤਾਏ ਪਲ ਹਾਜ਼ਰੀਨ ਨਾਲ ਸਾਂਝੇ ਕਰਦਿਆਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਡਾ. ਅਰਜਨ ਸਿੰਘ ਜੋਸ਼ਨ ਨੇ ਡਾ. ਸਿੱਧੂ ਵੱਲੋਂ ਲਿਖੀਆਂ ਕਿਤਾਬਾਂ ਬਾਰੇ ਵਿਸ਼ੇਸ਼ ਤੌਰ ’ਤੇ ਚਰਚਾ ਕੀਤੀ। ਅਵਤਾਰ ਸਿੰਘ ਗੋਦਰਾ ਵੱਲੋਂ ਡਾ. ਸਿੱਧੂ ਨੂੰ ਬਹੁਪੱਖੀ ਲੇਖਕ ਐਲਾਨਦਿਆਂ ਕਿਹਾ ਕਿ ਉਨ੍ਹਾਂ ਸਮਾਜ ਦੇ ਹਰ ਵਿਸ਼ੇ ’ਤੇ ਲਿਖਿਆ। ਸੁਰਿੰਦਰ ਮੰਡਾਲੀ ਨੇ ਇੰਡੋ ਅਮੈਰਿਕਨ ਹੈਰੀਟੇਜ ਫੋਰਮ ਵੱਲੋਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਡਾ. ਗੁਰੂਮੇਲ ਨੂੰ ਫੋਰਮ ਵੱਲੋਂ ਸ਼ਰਧਾਂਜਲੀ ਭੇਟ ਕੀਤੀ ਗਈ। ਦਲਜੀਤ ਰਿਆੜ ਨੇ ਡਾ. ਸਿੱਧੂ ਨੂੰ ਯਾਦ ਕਰਦਿਆਂ ਉਨ੍ਹਾਂ ਵੱਲੋਂ ਸੰਪਾਦਿਤ ਕਿਤਾਬ ‘ਸ਼ਬਦਾਂ ਦਾ ਸ਼ਗਨ’ ਵਿਚ ਛਪੀ ਕਵਿਤਾ ਪੇਸ਼ ਕੀਤੀ।

ਇਹ ਵੀ ਪੜ੍ਹੋ : ਮੇਰੀ ਜਾਨ ਨੂੰ ਖ਼ਤਰਾ ਹੈ, ਕੋਈ ਗੋਲ਼ੀ ਮਾਰ ਸਕਦੈ ਮੈਨੂੰ: ਐਲਨ ਮਸਕ ਨੇ ਆਪਣੇ ਬਾਰੇ ਕੀਤਾ ਸਨਸਨੀਖੇਜ਼ ਦਾਅਵਾ

ਸਾਧੂ ਸਿੰਘ ਸੰਘਾ ਨੇ ਸ਼ਹੀਦਾਂ ਅਤੇ ਡਾ. ਸਿੱਧੂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਸ਼ਹੀਦ ਸਭ ਦੇ ਸਾਂਝੇ ਹੁੰਦੇ ਹਨ। ਸਾਰੇ ਸ਼ਹੀਦਾਂ ਨੂੰ ਬਰਾਬਰ ਦਾ ਰੁਤਬਾ ਦੇਣਾ ਚਾਹੀਦਾ ਹੈ। ਸੰਤੋਖ ਮਿਨਹਾਸ ਨੇ ਡਾ. ਸਿੱਧੂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਇਕ ਕਵਿਤਾ ਪੇਸ਼ ਕੀਤੀ। ਦਲਜੀਤ ਸਰਾਂ ਨੇ ਡਾ. ਸਿੱਧੂ ਬਾਰੇ ਯਾਦਾਂ ਸਾਂਝੀਆਂ ਕੀਤੀਆਂ ਅਤੇ ਕਿਹਾ ਕਿ ਉਹ ਸਦਾ ਆਪਣੇ ਸ਼ਬਦਾਂ ਦੇ ਰੂਪ ’ਚ ਸਾਡੇ ਵਿੱਚ ਹਾਜ਼ਰ ਰਹਿਣਗੇ। ਆਂਚਲ ਹੇਅਰ ਨੇ ਇੰਡੋ ਅਮੈਰਿਕਨ ਹੈਰੀਟੇਜ ਫੋਰਮ ਦੀ ਇਸਤਰੀ ਵਿੰਗ ਵੱਲੋਂ ਸਭ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਇਕ ਸ਼ੇਅਰ ਨਾਲ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਡਾ. ਸਿੱਧੂ ਦੀਆਂ ਯਾਦਾਂ ਸਾਂਝੀਆਂ ਕਰਦਿਆਂ ਉਨ੍ਹਾਂ ਦੁਆਰਾ ਲਿਖੀ ਇਕ ਕਵਿਤਾ ਪੇਸ਼ ਕੀਤੀ। ਉਸਤਾਦ ਸ਼ਾਇਰ ਹਰਜਿੰਦਰ ਕੰਗ ਨੇ ਡਾ. ਸਿੱਧੂ ਨਾਲ ਪੁਸਤਕਾਂ ਦੇ ਸਫ਼ਰ ਦੀ ਗੱਲਬਾਤ ਕੀਤੀ। ਉਨ੍ਹਾਂ ਡਾ. ਸਿੱਧੂ ਦੀ ਯਾਦ 'ਚ ਇਕ ਹੋਰ ਸਮਾਗਮ ਕਰਵਾਉਣ ਦਾ ਵੀ ਐਲਾਨ ਕੀਤਾ।

ਇਹ ਵੀ ਪੜ੍ਹੋ : MP ਹਰਸਿਮਰਤ ਬਾਦਲ ਨੇ MSP ਕਮੇਟੀ ਦੇ ਪੁਨਰਗਠਨ ਸਣੇ ਸਰਬ ਪਾਰਟੀ ਮੀਟਿੰਗ ’ਚ ਚੁੱਕੇ ਕਈ ਅਹਿਮ ਮੁੱਦੇ

ਗੁਰਦੁਆਰਾ ਸਿੰਘ ਸਭਾ ਦੇ ਮੁੱਖ ਗ੍ਰੰਥੀ ਭਾਈ ਮਲਕੀਤ ਸਿੰਘ ਨੇ ਵਿਸਥਾਰ ਨਾਲ ਗਦਰੀ ਬਾਬਿਆਂ ਅਤੇ ਡਾ. ਸਿੱਧੂ ਬਾਰੇ ਵਿਚਾਰਾਂ ਕੀਤੀਆਂ। ਅਕਾਸ਼ ਦੀਪ ਕੌਰ ਰੁੜਕਾ ਕਲਾਂ ਨੇ ਕਰਤਾਰ ਸਿੰਘ ਸਰਾਭਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਮਾ. ਸੁਰਜੀਤ ਸਿੰਘ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਕਵਿਤਾ ਪੇਸ਼ ਕੀਤੀ। ਫਿਲਮੀ ਅਦਾਕਾਰ ਕਿਮ ਵਰਮਾ ਨੇ ਫੋਰਮ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਤੇ ਫੋਰਮ ਦੇ ਹਰ ਸਮਾਗਮ 'ਚ ਹਾਜ਼ਰ ਹੋਣ ਬਾਰੇ ਕਿਹਾ। ਉਨ੍ਹਾਂ ਇਸ ਮੌਕੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਸਾਡੇ ਗੌਰਵਮਈ ਇਤਿਹਾਸ ਬਾਰੇ ਬੱਚਿਆਂ ਨੂੰ ਜਾਣਕਾਰੀ ਦੇਣਾ ਬਹੁਤ ਹੀ ਜ਼ਰੂਰੀ ਹੈ। ਫੋਰਮ ਦੇ ਉਪ ਪ੍ਰਧਾਨ ਪਰਗਟ ਸਿੰਘ ਨੇ ਸ਼ਹੀਦਾਂ ਦੀਆਂ ਘਾਲਣਾਵਾਂ ਤੇ ਕੁਰਬਾਨੀਆਂ ਨੂੰ ਸਲਾਮ ਕਰਦਿਆਂ ਸ਼ਰਧਾ ਸੁਮਨ ਅਰਪਨ ਕੀਤੇ।

ਇਹ ਵੀ ਪੜ੍ਹੋ : ਸਿਵਲ ਹਸਪਤਾਲ ਬੁਢਲਾਡਾ 'ਚ ਵਿਜੀਲੈਂਸ ਟੀਮ ਨੇ ਕੀਤੀ ਚੈਕਿੰਗ, ਬਣਿਆ ਰਿਹਾ ਹਫੜਾ-ਦਫੜੀ ਦਾ ਮਾਹੌਲ

ਸ਼ਿੰਦਰਪਾਲ ਸਿੰਘ ਰਠੌੜ ਨੇ ਇਕ ਸ਼ੇਅਰ ਅਤੇ ਗੀਤ ਪੇਸ਼ ਕੀਤਾ। ਗਾਇਕ ਪੱਪੀ ਭਦੌੜ ਨੇ ‘ਤੂੰ ਅੱਜ ਵੀ ਤੇਈ ਸਾਲ ਦਾ’ ਅਤੇ ਅਵਤਾਰ ਗਰੇਵਾਲ ਨੇ ‘ਕਰਤਾਰ ਸਰਾਭਾ ਜਿਹਾ ਅਣਖੀ’ ਗੀਤ ਪੇਸ਼ ਕੀਤੇ। ਕਮਲਜੀਤ ਬੈਨੀਪਾਲ ਨੇ ਬਹੁਤ ਖੂਬਸੂਰਤ ਗੀਤ ‘ਲੋਕੋ ਸੂਰਮੇ ਉਮਰਾਂ ਥੋੜ੍ਹੀਆਂ ਪਾਲਿਆ ਕਰਦੇ ਨੇ’ ਪੇਸ਼ ਕੀਤਾ। ਪ੍ਰਿੰਸੀਪਲ ਬਲਵਿੰਦਰ ਸਿੰਘ ਡਾ. ਸਿੱਧੂ ਦੀ ਬੁੱਕ 'ਚ ਛਪੀ 'ਗਦਰ ਲਹਿਰ' ਬਾਰੇ ਜਾਣਕਾਰੀ ਦਿੱਤੀ ਅਤੇ ਇੰਡੋ ਅਮੈਰਿਕਨ ਹੈਰੀਟੇਜ ਫੋਰਮ ਵੱਲੋਂ ਸਭ ਦਾ ਧੰਨਵਾਦ ਕੀਤਾ। ਸਮਾਗਮ ਦੌਰਾਨ ਬਤੌਰ ਸਰੋਤੇ 'ਧਾਲੀਆਂ ਅਤੇ ਮਾਛੀਕੇ' ਨੇ ਭਰੀ ਹਾਜ਼ਰੀ। ਜੀ.ਐੱਚ.ਜੀ. ਸੰਗੀਤ ਤੇ ਡਾਂਸ ਅਕੈਡਮੀ ਵੱਲੋਂ ਤਿਆਰ ਛੋਟੀਆਂ ਬੱਚਿਆਂ ਨੇ ਗਿੱਧਾ, ਭੰਗੜਾ ਦੀਆਂ ਆਈਟਮਾਂ ਪੇਸ਼ ਕਰਕੇ ਵਾਹ-ਵਾਹ ਖੱਟੀ। ਇਸ ਮੌਕੇ ਬਖਤੌਰ ਸਿੰਘ ਸੋਡਾ ਮਹਿਲ ਕਲਾਂ, ਸੰਗਰੂਰ ਨੂੰ ਫੋਰਮ ਵੱਲੋਂ ਇਕ ਸ਼ਾਲ ਅਤੇ ਡਾ. ਗੁਰੂਮੇਲ ਸਿੰਘ ਸਿੱਧੂ ਦੀ ਕਿਤਾਬ ਭੇਟ ਕਰਕੇ ਸਨਮਾਨਿਤ ਕੀਤਾ ਗਿਆ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿੱਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

Mukesh

This news is Content Editor Mukesh