'ਇੰਡੋ ਅਮੈਰਿਕਨ ਹੈਰੀਟੇਜ' ਨੇ ਸ਼ਹੀਦਾਂ ਦੀ ਯਾਦ 'ਚ ਕਰਵਾਏ ਭਾਸ਼ਣ ਮੁਕਾਬਲੇ

07/31/2019 8:16:04 AM

ਫਰਿਜ਼ਨੋ, (ਨੀਟਾ ਮਾਛੀਕੇ)—  ਸਥਾਨਕ ਗਦਰੀ ਬਾਬਿਆਂ ਨੂੰ ਸਮਰਪਿਤ ਸੰਸਥਾ 'ਇੰਡੋ ਅਮੈਰਿਕਨ ਹੈਰੀਟੇਜ ਫੋਰਮ' ਜਿਹੜੀ ਕਿ ਸਮੇਂ-ਸਮੇਂ ਸਿਰ ਦੇਸ਼ ਭਗਤਾਂ ਦੀ ਯਾਦ 'ਚ ਸਮਾਗਮ ਕਰਵਾ ਕੇ ਸਾਡੀ ਨਵੀਂ ਪੀੜ੍ਹੀ ਨੂੰ ਉਨ੍ਹਾਂ ਦੀ ਸੋਚ ਤੋਂ ਜਾਣੂ ਕਰਵਾਉਣ  ਲਈ ਸਾਰਥਕ ਉਪਰਾਲੇ ਕਰਦੀ ਰਹਿੰਦੀ ਹੈ, ਵੱਲੋਂ ਲੰਘੇ ਐਤਵਾਰ ਸ਼ਹੀਦ ਮਦਨ ਲਾਲ ਢੀਂਗਰਾਂ ਅਤੇ ਸ਼ਹੀਦ ਊਧਮ ਸਿੰਘ ਜੀ ਦੀ ਸ਼ਹੀਦੀ ਨੂੰ ਸਮਰਪਿਤ ਬੱਚਿਆਂ ਦੇ ਭਾਸ਼ਣ ਮੁਕਾਬਲੇ ਫਰਿਜ਼ਨੋ ਦੇ ਇੰਡੀਆ ਓਵਨ ਰੈਸਟੋਰੈਂਟ 'ਚ ਕਰਵਾਏ ਗਏ।
 

ਇਸ ਮੌਕੇ ਬੱਚਿਆਂ ਨੇ ਜਲ੍ਹਿਆਂ ਵਾਲੇ ਬਾਗ ਦੇ ਸਾਕੇ ਨੂੰ ਯਾਦ ਕਰਦਿਆਂ ਸ਼ਹੀਦ ਊਧਮ ਸਿੰਘ ਅਤੇ ਸ਼ਹੀਦ ਮਗਨ ਲਾਲ ਢੀਗਰਾਂ ਨਾਲ ਸਬੰਧਤ ਵਿਸ਼ਿਆਂ 'ਤੇ ਭਾਸ਼ਣ ਦਿੱਤੇ। ਫੋਰਮ ਵੱਲੋਂ ਜੇਤੂ ਬੱਚਿਆਂ ਨੂੰ ਸਨਮਾਨ ਚਿੰਨ੍ਹ ਅਤੇ ਨਕਦ ਇਨਾਮ ਵੰਡੇ ਗਏ। ਇਸ ਸਮਾਗਮ ਦੌਰਾਨ ਦਰਸ਼ਕਾਂ ਨਾਲ ਖਚਾਖਚ ਭਰੇ ਹਾਲ ਅੰਦਰ ਜੀ. ਐੱਚ. ਜੀ. ਡਾਂਸ ਐਂਡ ਸੰਗੀਤ ਅਕੈਡਮੀ ਦੇ ਬੱਚਿਆਂ ਨੇ ਬਾਕਮਾਲ ਕੋਰੀਓਗ੍ਰਾਫੀ ਪੇਸ਼ ਕੀਤੀ। 

ਇਸ ਸਮਾਗਮ 'ਚ ਫਰਿਜ਼ਨੋ ਦੀਆਂ ਸਿਰ ਕੱਢ ਸਖਸ਼ੀਅਤਾਂ ਨੇ ਭਾਗ ਲੈ ਕੇ ਪ੍ਰੋਗਰਾਮ ਨੂੰ ਹੋਰ ਚਾਰ ਚੰਨ੍ਹ ਲਾਏ। ਸਟੇਜ ਸੰਚਾਲਨ ਹਰਜਿੰਦਰ ਢੇਸੀ ਤੇ ਸੁਰਿੰਦਰ ਮੰਡਾਲੀ ਨੇ ਬਾਖੂਬੀ ਕੀਤਾ। ਫੋਰਮ ਦੀ ਮਹਿਲਾ ਵਿੰਗ ਦੀ ਬੁਲਾਰੀ ਸ਼ਰਨਜੀਤ ਧਾਲੀਵਾਲ ਨੇ ਦੱਸਿਆ ਕਿ ਇਹੋ ਜਿਹੇ ਸਮਾਗਮ ਬੱਚਿਆਂ ਨੂੰ ਉਤਸ਼ਾਹਤ ਕਰਦੇ ਹਨ ਅਤੇ ਹੋਰ ਬੱਚਿਆਂ ਨੂੰ ਇਸ ਤਰ੍ਹਾਂ ਦੇ ਸਮਾਗਮਾਂ ਵਿੱਚ ਹਿੱਸਾ ਲੈਣ ਲਈ ਪ੍ਰੇਰਦੇ ਹਨ।  ਇਹ ਪ੍ਰੋਗਰਾਮ ਅਮਿੱਟ ਪੈੜ੍ਹਾਂ ਛੱਡਦਾ ਹੋਇਆ ਯਾਦਗਾਰੀ ਹੋ ਨਿਬੜਿਆ।