ਇੰਡੀਗੋ ਦਾ ਕਤਰ ਏਅਰਵੇਜ਼ ਨਾਲ ਹੋਇਆ ਕੋਡ ਸ਼ੇਅਰ ਸਮਝੌਤਾ

11/07/2019 5:11:54 PM

ਨਵੀਂ ਦਿੱਲੀ — ਦੇਸ਼ ਦੀ ਸਭ ਤੋਂ ਵੱਡੀ ਅਤੇ ਸਸਤੀ ਹਵਾਈ ਕੰਪਨੀ ਇੰਡੀਗੋ ਨੇ ਮੁਸਾਫਰਾਂ ਦੀ ਸੰਖਿਆ ਦੇ ਲਿਹਾਜ਼ ਨਾਲ ਕਤਰ ਦੀ ਸਰਕਾਰੀ ਹਵਾਈ ਕੰਪਨੀ ਕਤਰ ਏਅਰਵੇਜ਼ ਨਾਲ ਕੋਡ ਸ਼ੇਅਰ ਸਮਝੌਤਾ ਕੀਤਾ ਹੈ।

ਇਸ ਦੇ ਤਹਿਤ ਕਤਰ ਏਅਰਵੇਜ਼ ਆਪਣੇ ਚੈਨਲਾਂ ਦੇ ਜ਼ਰੀਏ ਕਤਰ ਦੀ ਰਾਜਧਾਨੀ ਦੋਹਾ ਦੇ ਹਮਦ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਦਿੱਲੀ, ਮੁੰਬਈ ਅਤੇ ਹੈਦਰਾਬਾਦ ਆਉਣ ਵਾਲੀਆਂ ਇੰਡੀਗੋ ਉਡਾਣਾਂ 'ਤੇ ਕਤਰ ਏਅਰਵੇਜ਼ ਆਪਣਾ ਕੋਡ ਸ਼ੇਅਰ ਕਰ ਸਕੇਗੀ ਯਾਨੀ ਕਿ ਉਸਦੇ ਚੈਨਲਾਂ ਦੇ ਜ਼ਰੀਏ ਯਾਤਰੀ ਇਨ੍ਹਾਂ ਉਡਾਣਾਂ ਵਿਚ ਸੀਟਾਂ ਬੁੱਕ ਕਰਵਾ ਸਕਣਗੇ। ਇਸ ਦੇ ਬਦਲੇ ਕੰਪਨੀ ਨੂੰ ਕਤਰ ਏਅਰਵੇਜ਼ ਤੋਂ ਨਕਦ ਮਾਲਿਆ ਮਿਲੇਗਾ।
ਕਤਰ ਏਅਰਵੇਜ਼ ਗਰੁੱਪ ਦੇ ਮੁੱਖ ਕਾਰਜਕਾਰੀ ਅਕਬਰ ਅਲ ਬਕਰ ਅਤੇ ਇੰਡੀਗੋ ਦੇ ਮੁੱਖ ਕਾਰਜਕਾਰੀ ਅਧਿਕਾਰੀ ਰੋਨੋਜਾਇ ਦੱਤਾ ਨੇ ਇਕ ਪ੍ਰੋਗਰਾਮ 'ਚ ਕੋਡ ਸ਼ੇਅਰ ਸਮਝੌਤੇ 'ਤੇ ਦਸਤਖਤ ਕੀਤੇ। 

ਬਕਰ ਨੇ ਕਿਹਾ ਕਿ ਇਕ ਸਸਤੀ ਏਅਰਲਾਈਨ ਕੰਪਨੀ ਹੋਣ ਦੇ ਬਾਵਜੂਦ, ਇੰਡੀਗੋ ਦੀਆਂ ਉਡਾਣਾਂ 'ਚ ਕਤਰ ਏਅਰਵੇਜ਼ ਦੇ ਯਾਤਰੀਆਂ ਨੂੰ ਵਾਧੂ ਸਮਾਨ ਭੱਤੇ ਸਮੇਤ ਉਹ ਸਾਰੀਆਂ ਸਹੂਲਤਾਂ ਮਿਲਣਗੀਆਂ ਜਿਹੜੀਆਂ ਉਨ੍ਹਾਂ ਨੂੰ ਕਤਰ ਦੀ ਸਰਕਾਰੀ ਏਅਰ ਲਾਈਨ ਨਾਲ ਮਿਲਦੀਆਂ ਹਨ। ਉਨ੍ਹਾਂ ਕਿਹਾ ਕਿ ਕਤਰ ਦੇ 22 ਫੀਸਦੀ ਯਾਤਰੀ ਭਾਰਤੀ ਹਨ। ਉਥੇ ਕਿਰਤ ਕਰਨ ਵਾਲਿਆਂ 'ਚ ਸਭ ਤੋਂ ਵੱਧ ਅਨੁਪਾਤ ਵੀ ਭਾਰਤੀਆਂ ਦਾ ਹੈ। ਭਵਿੱਖ ਵਿਚ ਉਨ੍ਹਾਂ ਦੀ ਕੰਪਨੀ ਇੰਡੀਗੋ ਦੀ ਦੋਹਾ ਤੋਂ ਆਉਣ ਵਾਲੀਆਂ ਸਾਰੀਆਂ ਉਡਾਣਾਂ ਲਈ ਕੋਡ ਸ਼ੇਅਰ ਸਮਝੌਤੇ 'ਤੇ ਦਸਤਖਤ ਕਰਨਾ ਚਾਹੇਗੀ।

ਦੱਤਾ ਨੇ ਕਿਹਾ ਕਿ ਇਹ ਇੰਡੀਗੋ ਦੇ ਕਤਰ ਏਅਰਵੇਜ਼ ਨਾਲ ਸਬੰਧਾਂ ਦੀ ਸ਼ੁਰੂਆਤ ਹੈ ਅਤੇ ਉਨ੍ਹਾਂ ਦੀ ਕੰਪਨੀ ਭਵਿੱਖ ਵਿਚ ਇਸ ਨੂੰ ਹੋਰ ਮਜ਼ਬੂਤ ​​ਕਰਨਾ ਚਾਹੁੰਦੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਕਤਰ ਏਅਰਵੇਜ਼ ਨਾਲ ਕੋਡ ਸ਼ੇਅਰ ਸਮਝੌਤੇ ਕਾਰਨ ਤੁਰਕੀ ਦੀ ਏਅਰ ਲਾਈਨ ਨਾਲ ਕੋਡ ਸ਼ੇਅਰ ਸਮਝੌਤਾ ਕਿਸੇ ਵੀ ਤਰ੍ਹਾਂ ਨਾਲ ਪ੍ਰਭਾਵਤ ਨਹੀਂ ਹੋਵੇਗਾ।

ਦੋਵਾਂ ਏਅਰਲਾਈਨਾਂ ਵਿਚਕਾਰ ਕੋਡ ਸ਼ੇਅਰ ਅਜਿਹੇ ਸਮੇਂ ਹੋਇਆ ਹੈ ਜਦੋਂ ਇੰਡੀਗੋ ਨੂੰ ਨਕਦ ਦੀ ਜ਼ਰੂਰਤ ਹੈ ਅਤੇ ਅਰਬ ਦੇ ਨਾਲ ਦੇ ਦੇਸ਼ਾਂ ਦੁਆਰਾ ਹਵਾਈ ਖੇਤਰ ਦੀ ਵਰਤੋਂ 'ਤੇ ਪਾਬੰਦੀਆਂ ਕਾਰਨ ਕਤਰ ਏਅਰਵੇਜ਼ ਦੀਆਂ ਉਡਾਣਾਂ ਨੂੰ ਲੰਮਾ ਪੈਂਡਾ ਤੈਅ ਕਰਨਾ ਪੈ ਰਿਹਾ ਹੈ। ਇਸ ਕਾਰਨ ਮੁਨਾਫਿਆਂ 'ਤੇ ਅਸਰ ਪੈ ਰਿਹਾ ਹੈ।