UAE ''ਚ ਰੋਣ ਹਾਕੇ ਹੋਏ ਭਾਰਤੀ, ਕੁਵੈਤ ਦੀ ਚਿਤਾਵਨੀ ਨਾਲ ਉੱਥੇ ਕੰਮ ਕਰ ਰਹੇ ਡਰੇ ਲੋਕ

04/13/2020 10:59:43 PM

ਨਵੀਂ ਦਿੱਲੀ :  ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਤੇ ਕੁਵੈਤ ਵਿਚ ਭਾਰਤੀ ਕਾਮਿਆਂ ਦੀਆਂ ਮੁਸ਼ਕਲਾਂ ਦੋਹਰੀਆਂ ਹੋਣ ਵਾਲੀਆਂ ਹਨ। ਯੂ. ਏ. ਈ. ਦੀ ਸਰਕਾਰੀ ਮੀਡੀਆ ਦੀ ਇਕ ਰਿਪੋਰਟ ਮੁਤਾਬਕ ਕੋਰੋਨਾ ਵਾਇਰਸ ਕਾਰਨ ਜੋ ਦੇਸ਼ ਆਪਣੇ ਮਜ਼ਦੂਰਾਂ ਨੂੰ ਵਾਪਸ ਦੇਸ਼ ਨਹੀਂ ਲੈ ਜਾਣਾ ਚਾਹੁੰਦੇ, ਉਨ੍ਹਾਂ 'ਤੇ  ਯੂ. ਏ. ਈ. ਸਖਤ ਪਾਬੰਦੀ ਲਗਾਉਣ ਵਾਲਾ ਹੈ। ਇਸ ਦੇ ਨਾਲ ਹੀ ਕੁਵੈਤ ਨੇ ਵੀ ਝਟਕਾ ਦਿੱਤਾ ਹੈ।

ਕੁਵੈਤ ਨੇ ਵੀ ਉਨ੍ਹਾਂ ਸਾਰੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ 30 ਅਪ੍ਰੈਲ ਤਕ ਦੇਸ਼ ਛੱਡਣ ਨੂੰ ਕਿਹਾ ਹੈ ਜਿਨ੍ਹਾਂ ਦਾ ਵੀਜ਼ਾ ਇਸ ਮਹਾਮਾਰੀ ਦੌਰਾਨ ਖਤਮ ਹੋ ਚੁੱਕਾ ਹੈ। ਕੁਵੈਤ ਨੇ ਇਨ੍ਹਾਂ ਨੂੰ 30 ਅਪ੍ਰੈਲ ਤਕ ਦੀ ਰਾਹਤ ਦਿੱਤੀ ਹੈ ਯਾਨੀ ਤਦ ਤਕ ਇਨ੍ਹਾਂ 'ਤੇ ਕੋਈ ਜੁਰਮਾਨਾ ਨਹੀਂ ਲਾਇਆ ਜਾਵੇਗਾ। ਭਾਰਤ ਸਰਕਾਰ ਦੇ ਸੂਤਰਾਂ ਮੁਤਾਬਕ ਕੁਵੈਤ ਦੀ ਇੰਡੀਅਨ ਅੰਬੈਸੀ ਇਸ ਮਾਮਲੇ ਵਿਚ ਗੱਲਬਾਤ ਕਰ ਰਹੀ ਹੈ। ਤਾਜ਼ਾ ਜਾਣਕਾਰੀ ਮੁਤਾਬਕ 2500 ਭਾਰਤੀਆਂ ਨੇ ਆਬੂ ਧਾਬੀ ਵਿਚ ਭਾਰਤੀ ਅੰਬੈਸੀ ਅਤੇ ਦੁਬਈ ਵਿਚ ਕੌਂਸਲੇਟ ਨਾਲ ਸੰਪਰਕ ਕੀਤਾ ਹੈ ਤਾਂ ਕਿ ਉਨ੍ਹਾਂ ਨੂੰ ਘਰ ਵਾਪਸ ਭੇਜਿਆ ਜਾ ਸਕੇ। 

ਸਰਕਾਰੀ ਨਿਊਜ਼ ਏਜੰਸੀ WAM ਮੁਤਾਬਕ ਉੱਥੇ ਐੱਚ. ਆਰ. ਡੀ. ਮੰਤਰੀ ਇਸ ਗੱਲ 'ਤੇ ਵਿਚਾਰ ਕਰ ਰਹੇ ਹਨ ਕਿ ਜੋ ਦੇਸ਼ ਆਪਣੇ ਨਾਗਰਿਕਾਂ ਨੂੰ ਵਾਪਸ ਲੈ ਕੇ ਨਹੀਂ ਜਾ ਰਹੇ, ਉਨ੍ਹਾਂ ਦੇ ਨਾਗਰਿਕਾਂ ਨੂੰ ਭਵਿੱਖ ਵਿਚ ਨੌਕਰੀ ਨਹੀਂ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਨਿਯੁਕਤੀ ਵਿਚ ਕੋਟਾ ਸਿਸਟਮ ਸ਼ੁਰੂ ਕਰਨ 'ਤੇ ਵੀ ਵਿਚਾਰ ਹੋ ਰਿਹਾ ਹੈ। ਇਸ ਬਦਲ ਨਾਲ ਇਨ੍ਹਾਂ ਦੇਸ਼ਾਂ ਨਾਲ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਖਤਮ ਕਰ ਦਿੱਤਾ ਜਾਵੇ।

ਜ਼ਿਕਰਯੋਗ ਹੈ ਕਿ ਯੂ. ਏ. ਈ.ਵਿਚ 33 ਲੱਖ ਭਾਰਤੀ ਰਹਿੰਦੇ ਹਨ ਤੇ ਇਹ ਉੱਥੋਂ ਦੀ ਆਬਾਦੀ ਦਾ 30 ਫੀਸਦੀ ਹਨ। ਭਾਰਤ ਤੋਂ ਕੇਰਲ ਦੇ ਲੋਕ ਇੱਥੇ ਸਭ ਤੋਂ ਵੱਧ ਕੰਮ ਕਰਦੇ ਹਨ ਤੇ ਇਸ ਤੋਂ ਬਾਅਦ ਤਾਮਿਲਨਾਡੂ ਅਤੇ ਆਂਧਰਾ ਪ੍ਰਦੇਸ਼ ਦਾ ਨੰਬਰ ਆਉਂਦਾ ਹੈ। ਭਾਰਤ ਵਿਚ ਯੂ. ਏ. ਈ. ਦੇ ਅੰਬੈਸਡਰ ਅਹਿਮਦ ਅਬਦੁਲਲ ਰਹਿਮਾਨ ਅਲ ਬੰਨਾ ਨੇ ਕਿਹਾ ਕਿ ਉਨ੍ਹਾਂ ਨੇ ਸਾਰੀਆਂ ਅੰਬੈਸੀਆਂ ਨੂੰ ਇਸ ਦੀ ਜਾਣਕਾਰੀ ਦੇ ਦਿੱਤੀ ਹੈ ਕਿ ਉਹ ਆਪਣੇ ਨਾਗਰਿਕਾਂ ਨੂੰ ਲੈ ਜਾਣ। ਕਾਮਿਆਂ ਨੂੰ ਭੇਜਣ ਤੋਂ ਪਹਿਲਾਂ ਉਨ੍ਹਾਂ ਦਾ ਕੋਰੋਨਾ ਟੈਸਟ ਵੀ ਕੀਤਾ ਜਾਵੇਗਾ।


Lalita Mam

Content Editor

Related News