ਕੋਰੋਨਾ: ਬ੍ਰਿਟੇਨ ਦੇ ਹਸਪਤਾਲਾਂ ''ਚ ਸੇਵਾ ਨਿਭਾ ਰਹੇ ਭਾਰਤੀ ਡਾਕਟਰਾਂ ਨੂੰ ਵਧੇਰੇ ਖਤਰਾ; ਸਰਵੇ

04/25/2020 12:18:13 PM

ਲੰਡਨ- ਬ੍ਰਿਟੇਨ ਵਿਚ ਸਿਹਤ ਕਰਮਚਾਰੀਆਂ ਦੇ ਤੌਰ 'ਤੇ ਕੰਮ ਕਰ ਰਹੇ ਭਾਰਤੀਆਂ ਨੂੰ ਕੋਰੋਨਾ ਵਾਇਰਸ ਦਾ ਖਤਰਾ ਵਧੇਰੇ ਹੈ। ਇਸ ਨੂੰ ਲੈ ਕੇ ਯੂਨਾਈਟਡ ਕਿੰਗਡਮ ਵਿਚ ਇਕ ਸਰਵੇ ਕੀਤਾ ਗਿਆ ਹੈ, ਜਿਸ ਦੇ ਮੁਤਾਬਕ ਹਸਪਤਾਲਾਂ ਵਿਚ ਕੰਮ ਕਰ ਰਹੇ ਭਾਰਤੀਆਂ ਵਿਚ ਇਸ ਵੇਲੇ ਕੋਰੋਨਾ ਵਾਇਰਸ ਦੀ ਲਪੇਟ ਵਿਚ ਆਉਣ ਦਾ ਖਤਰਾ ਬਹੁਤ ਜ਼ਿਆਦਾ ਹੈ। ਬ੍ਰਿਟਿਸ਼ ਐਸੋਸੀਏਸ਼ਨ ਆਫ ਫਿਜੀਸ਼ੀਅਨ ਆਫ ਇੰਡੀਅਨ ਓਰੀਜਨ (ਬੀ.ਏ.ਪੀ.ਆਈ.ਓ.) ਵਲੋਂ ਸਰਵੇ ਵਿਚ 14 ਅਪ੍ਰੈਲ ਤੋਂ 21 ਅਪ੍ਰੈਲ ਦੇ ਵਿਚਾਲੇ ਕੀਤਾ ਗਿਆ ਹੈ, ਜਿਸ ਵਿਚ ਦੱਸਿਆ ਗਿਆ ਹੈ ਕਿ ਬਲੈਕ, ਏਸ਼ੀਅਨ ਤੇ ਮਾਈਨੋਰਿਟੀ ਏਥਨਿਕ (ਬੀ.ਏ.ਐਮ.ਈ.) ਨੂੰ ਇਸ ਮਹਾਮਾਰੀ ਨੇ ਸਭ ਤੋਂ ਵਧੇਰੇ ਪ੍ਰਭਾਵਿਤ ਕੀਤਾ ਹੈ।

ਇਸ ਸਰਵੇ ਮੁਤਾਬਕ ਹਸਪਤਾਲਾਂ ਵਿਚ ਕੰਮ ਕਰਨ ਵਾਲੇ ਸਟਾਫ ਵਿਚ 66 ਫੀਸਦੀ ਡਾਕਟਰ ਤੇ 24 ਫੀਸਦੀ ਐਮਰਜੰਸੀ ਸੇਵਾ ਕਰਨ ਵਾਲਾ ਸਟਾਫ ਸ਼ਾਮਲ ਹੈ। ਇਹਨਾਂ ਵਿਚੋਂ 86 ਫੀਸਦੀ ਸਟਾਫ ਬੀ.ਏ.ਐਮ.ਈ. ਦਾ ਹੈ, ਜਿਹਨਾਂ ਵਿਚ ਦੱਖਣੀ ਏਸ਼ੀਆਈਆਂ ਦੇ 75 ਫੀਸਦੀ ਨਮੂਨੇ ਸ਼ਾਮਲ ਹਨ। ਬੀ.ਏ.ਪੀ.ਆਈ.ਓ. ਰਿਸਰਚ ਐਂਡ ਇਨੋਵੇਸ਼ਨ ਫੋਰਮ ਦੇ ਪ੍ਰਧਾਨ ਇੰਦ੍ਰਾਨਿਲ ਚੱਕਰਵਰਤੀ ਨੇ ਦੱਸਿਆ ਕਿ ਇਹ ਆਪਣੇ ਆਪ ਵਿਚ ਇਸ ਤਰ੍ਹਾਂ ਦਾ ਸਭ ਤੋਂ ਵੱਡਾ ਸਰਵੇ ਹੈ, ਜਿਸ ਵਿਚ ਬੀ.ਏ.ਐਮ.ਈ. ਸਿਹਤ ਕਰਮਚਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਨਾਲ ਜੋ ਨਤੀਜੇ ਸਾਹਮਣੇ ਆਏ ਹਨ ਉਹਨਾਂ ਮੁਤਾਬਕ ਬੀ.ਏ.ਐਮ.ਈ. ਨਾਲ ਜੁੜੇ ਲੋਕਾਂ ਵਿਚ ਕੋਰੋਨਾ ਇਨਫੈਕਸ਼ਨ ਦਾ ਖਤਰਾ ਵਧੇਰੇ ਹੈ। ਇਸ ਸਰਵੇ ਵਿਚ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਹਸਪਤਾਲਾਂ ਵਿਚ ਨਿੱਜੀ ਸੁਰੱਖਿਆ ਉਪਕਰਨ ਦੀ ਕਮੀ ਇਹਨਾਂ ਲੋਕਾਂ ਵਿਚ ਇਨਫੈਕਸ਼ਨ ਫੈਲਣ ਦਾ ਸਭ ਤੋਂ ਵੱਡਾ ਕਾਰਣ ਹੈ। ਬੀ.ਏ.ਪੀ.ਆਈ.ਓ. ਦੇ ਪ੍ਰਧਾਨ ਰਮੇਸ਼ ਮਹਿਤਾ ਨੇ ਦੱਸਿਆ ਕਿ ਅਸੀਂ ਕਈ ਵਾਰ ਸਰਕਾਰ ਤੋਂ ਸੰਵੇਦਨਸ਼ੀਲ ਲੋਕਾਂ ਦੀ ਸੁਰੱਖਿਆ ਦੀ ਅਪੀਲ ਕਰ ਚੁੱਕੇ ਹਾਂ ਤਾਂ ਕਿ ਫ੍ਰੰਟ ਲਾਈਨ ਵਿਚ ਕੰਮ ਕਰ ਰਹੇ ਯੋਧੇ ਖੁਦ ਨੂੰ ਬੀਮਾਰ ਹੋਣ ਤੋਂ ਬਚਾ ਸਕਣ।

ਸਰਵੇ ਦਾ ਸੰਪੂਰਨ ਸਿੱਟਾ ਇਹ ਹੈ ਕਿ ਮਹਾਮਾਰੀ ਦੌਰਾਨ ਬ੍ਰਿਟੇਨ ਦੇ ਬੀ.ਏ.ਐਮ.ਈ. ਭਾਈਚਾਰਿਆਂ ਵਲੋਂ ਸਾਹਮਣਾ ਕੀਤੇ ਜਾਣ ਵਾਲੇ ਉੱਚ ਜੋਖਿਮ ਦੇ ਪਿੱਛੇ ਕਾਰਕਾਂ ਨੂੰ ਸਥਾਪਿਤ ਕਰਨ ਦੇ ਲਈ ਹੋਰ ਵਧੇਰੇ ਸੋਧ ਮਹੱਤਵਪੂਰਨ ਹੈ। ਬੀ.ਏ.ਪੀ.ਆਈ.ਓ. ਦੇ ਪ੍ਰਧਾਨ ਡਾ. ਜੇ.ਐਸ. ਬਮਰਾਹ ਨੇ ਕਿਹਾ ਕਿ ਇਸ ਸਰਵੇ ਦੇ ਰਾਹੀਂ ਕਈ ਮਹੱਤਵਪੂਰਨ ਤੱਥਾਂ ਨੂੰ ਉਜਾਗਰ ਕੀਤਾ ਗਿਆ ਹੈ, ਜਿਸ ਵਿਚ ਬੀ.ਏ.ਐਮ.ਈ. ਇਕ ਸਪੱਸ਼ਟ ਜੋਖਿਮ ਕਾਰਕ ਹੈ ਤੇ ਸਾਨੂੰ ਇਸ ਖੇਤਰ ਵਿਚ ਵਧੇਰੇ ਖੋਜ ਦੀ ਲੋੜ ਹੈ।

Baljit Singh

This news is Content Editor Baljit Singh