ਅਮਰੀਕਾ : ਵਾਲਮਾਰਟ ’ਚ ਗੋਲੀਬਾਰੀ, ਇਕ ਵਿਅਕਤੀ ਜ਼ਖਮੀ

09/02/2019 3:39:03 PM

ਇੰਡੀਆਨਾ— ਅਮਰੀਕਾ ਦੇ ਇੰਡੀਆਨਾ ਵਾਲਮਾਰਟ ’ਚ ਐਤਵਾਰ ਨੂੰ ਗੋਲੀਬਾਰੀ ’ਚ ਇਕ ਵਿਅਕਤੀ ਜ਼ਖਮੀ ਹੋ ਗਿਆ। ਇਸ ਮਾਮਲੇ ’ਚ ਪੁਲਸ ਨੇ ਦੋ ਸ਼ੱਕੀਆਂ ਨੂੰ ਹਿਰਾਸਤ ’ਚ ਲਿਆ ਹੈ। ਘਟਨਾ ਸੂਬੇ ਦੇ ਹੋਬਰਟ ਸ਼ਹਿਰ ਦੀ ਹੈ। ਪੁਲਸ ਨੇ ਫੇਸਬੁੱਕ ਪੋਸਟ ’ਚ ਜਾਣਕਾਰੀ ਦਿੰਦੇ ਹੋਏ ਦੱਸਿਆ,‘‘ਦੋ ਸ਼ੱਕੀਆਂ ਨੂੰ ਹਿਰਾਸਤ ’ਚ ਲਿਆ ਗਿਆ ਹੈ ਤੇ ਘਟਨਾ ਸਥਾਨ ਤੋਂ ਹਥਿਆਰ ਬਰਾਮਦ ਕਰ ਲਏ ਗਏ ਹਨ।’’
ਪੁਲਸ ਨੇ ਕਿਹਾ ਕਿ ਜ਼ਖਮੀ ਵਿਅਕਤੀ ਦੀ ਹਾਲਤ ਸਥਿਰ ਹੈ। ਉਸ ਨੂੰ ਜ਼ਖਮੀ ਹੋਣ ਦੇ ਤੁਰੰਤ ਬਾਅਦ ਹਸਪਤਾਲ ਲਿਆਂਦਾ ਗਿਆ ਸੀ। ਇਸ ਗੱਲ ਦੀ ਅਜੇ ਕੋਈ ਜਾਣਕਾਰੀ ਨਹੀਂ ਹੈ ਕਿ ਸ਼ੱਕੀ ਜ਼ਖਮੀ ਵਿਅਕਤੀ ਨੂੰ ਜਾਣਦੇ ਸਨ ਜਾਂ ਨਹੀ ।ਗੋਲੀਬਾਰੀ ਦੇ ਤੁਰੰਤ ਬਾਅਦ ਵਾਲਮਾਰਟ ਨੂੰ ਖਾਲੀ ਕਰਵਾ ਦਿੱਤਾ ਗਿਆ ਸੀ। ਪੁਲਸ ਦਾ ਕਹਿਣਾ ਹੈ ਕਿ ਅਜੇ ਜਾਂਚ ਕੀਤੀ ਜਾ ਰਹੀ ਹੈ। ਲੋਕਾਂ ਲਈ ਕੋਈ ਖਤਰਾ ਨਹੀਂ ਹੈ। ਅਮਰੀਕਾ ’ਚ ਗੋਲੀਬਾਰੀ ਦੀਆਂ ਘਟਨਾਵਾਂ ਹਰ ਰੋਜ਼ ਵਾਪਰ ਰਹੀਆਂ ਹਨ। ਇਕ ਦਿਨ ਪਹਿਲਾਂ ਹੀ ਟੈਕਸਾਸ ’ਚ ਦੋ ਥਾਂਵਾਂ ’ਤੇ ਗੋਲੀਬਾਰੀ ਹੋਈ, ਜਿਸ ’ਚ 7 ਲੋਕਾਂ ਦੀ ਮੌਤ ਹੋ ਗਈ ਤੇ ਹੋਰ 20 ਲੋਕ ਜ਼ਖਮੀ ਹਨ। 
3 ਅਗਸਤ ਨੂੰ ਇਕ ਬੰਦੂਕਧਾਰੀ ਨੇ ਟੈਕਸਾਸ ਦੇ ਐਲਪਾਸੋ ਸਥਿਤੀ ਵਾਲਮਾਰਟ ’ਚ ਗੋਲੀਬਾਰੀ ਕੀਤੀ ਸੀ, ਜਿਸ ’ਚ 22 ਲੋਕਾਂ ਦੀ ਮੌਤ ਹੋ ਗਈ ਅਤੇ ਹੋਰ 20 ਜ਼ਖਮੀ ਹੋ ਗਏ। ਇਸ ਦੇ ਅਗਲੇ ਦਿਨ ਓਹੀਓ ਦੇ ਡੇਟਨ ’ਚ ਬੰਦੂਕਧਾਰੀ ਨੇ ਸਿਰਫ 32 ਸਕਿੰਟਾਂ ’ਚ ਹੀ 9 ਲੋਕਾਂ ਨੂੰ ਮਾਰ ਦਿੱਤਾ ਅਤੇ ਦਰਜਨਾਂ ਨੂੰ ਜ਼ਖਮੀ ਕਰ ਦਿੱਤਾ।