ਦੋ ਨਾਬਾਲਿਗ ਇਟਾਲੀਅਨ ਕੁੜੀਆਂ ਨੂੰ ਛੇੜਨ ਦੇ ਦੋਸ਼ ''ਚ ਭਾਰਤੀ ਵਿਅਕਤੀ ਗ੍ਰਿਫਤਾਰ

07/19/2017 6:37:13 AM

ਰੋਮ (ਕੈਂਥ)— ਇਟਲੀ ਵਿੱਚ ਭਾਰਤੀ ਨੌਜਵਾਨ ਨਸ਼ਿਆਂ ਦੇ ਕਾਰੋਬਾਰ ਵਿੱਚ ਮੋਹਰੀ ਤਾਂ ਹੈ ਹੀ, ਹੁਣ ਇਹ ਇਟਾਲੀਅਨ ਕੁੜੀਆਂ ਨੂੰ ਛੇੜਨ ਲਈ ਵੀ ਮੋਹਰੀ ਬਣਦੇ ਜਾ ਰਹੇ ਹਨ। ਜਿਸ ਦੀ ਤਾਜਾ ਮਿਸਾਲ ਉਦੋਂ ਦੇਖਣ ਨੂੰ ਮਿਲੀ ਜਦੋਂ ਵਿਲੇਤਰੀ ਵਿਖੇ ਸਥਾਨਕ ਪੁਲਸ ਵੱਲੋਂ ਇਕ ਭਾਰਤੀ ਵਿਅਕਤੀ ਨੂੰ ਦੋ ਨਾਬਾਲਿਗ ਲੜਕੀਆਂ ਦਾ ਸਰੀਰਕ ਸੋਸ਼ਣ ਕਰਨ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ। ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ 15 ਸਾਲ ਦੀਆਂ ਦੋ ਲੜਕੀਆਂ ਨੂੰ ਇੱਥੋਂ ਦੇ ਕਮੂਨੇ ਦੇ ਨਜ਼ਦੀਕ ਇਕ 30 ਸਾਲਾ ਭਾਰਤੀ ਨੌਜਵਾਨ ਵੱਲੋਂ ਸਰੀਰਕ ਤੌਰ 'ਤੇ ਪ੍ਰੇਸ਼ਾਨ ਕੀਤਾ ਗਿਆ। ਇਹ ਦੋਵੇਂ ਲੜਕੀਆਂ ਪੌੜੀਆਂ ਉੱਤੇ ਬੈਠ ਕੇ ਆਪਣੀ ਸੈਲਫੀ ਖਿੱਚ ਰਹੀਆਂ ਸਨ, ਜਦੋਂ ਇਸ ਭਾਰਤੀ ਦੋਸ਼ੀ ਨੇ ਇਕਦਮ ਪਿਛਲੇ ਪਾਸੇ ਤੋਂ ਆ ਕੇ ਇਨ੍ਹਾਂ ਵਿਚੋਂ ਇਕ ਲੜਕੀ ਦੇ ਪ੍ਰਾਇਵੇਟ ਅੰਗਾਂ ਨੂੰ ਛੋਹਣਾ ਸ਼ੁਰੂ ਕਰ ਦਿੱਤਾ।
ਭਾਰਤੀ ਵਿਅਕਤੀ ਉਸ ਸਮੇਂ ਨਸ਼ੇ ਦੀ ਹਾਲਤ ਵਿਚ ਸੀ। ਉਸ ਵੱਲੋਂ ਕੀਤੀ ਗਈ ਅਜਿਹੀ ਹਰਕਤ ਨਾਲ ਲੜਕੀਆਂ ਡਰ ਗਈਆਂ ਅਤੇ ਮਦਦ ਲਈ ਸ਼ੋਰ ਮਚਾਉਣ ਲੱਗੀਆਂ। ਉਸ ਸਮੇਂ ਦੋਸ਼ੀ ਨਜ਼ਰ ਬਚਾ ਕੇ ਉੱਥੋਂ ਭੱਜ ਗਿਆ ਪਰ ਗੁੱਸੇ ਨਾਲ ਭੜਕੀ ਹੋਈ ਭੀੜ ਵਿਚੋਂ ਕੁਝ ਲੋਕਾਂ ਨੇ ਉਸਦਾ ਪਿੱਛਾ ਕੀਤਾ। ਸੂਚਨਾ ਮਿਲਣ 'ਤੇ ਪੁਲਸ ਵੀ ਮੌਕੇ 'ਤੇ ਪਹੁੰਚ ਗਈ। ਲੜਕੀਆਂ ਅਤੇ ਭੀੜ ਵੱਲੋਂ ਦੱਸੇ ਹੁਲੀਏ ਅਨੁਸਾਰ ਜਲਦ ਹੀ ਪੁਲਸ ਨੇ ਕੁਝ ਦੂਰੀ ਤੋਂ ਹੀ ਭਾਰਤੀ ਨੂੰ ਕਾਬੂ ਕਰ ਲਿਆ। ਭਾਰਤੀ ਉੱਤੇ ਜਨਤਕ ਸਥਾਨ ਉੱਤੇ ਨਾਬਾਲਿਗ ਲੜਕੀਆਂ ਦਾ ਸਰੀਰਕ ਸੋਸ਼ਣ ਕਰਨ ਦੇ ਦੋਸ਼ ਲਗਾਏ ਗਏ ਹਨ।
ਜ਼ਿਕਰਯੋਗ ਹੈ ਕਿ ਇਟਲੀ ਵਿੱਚ ਭਾਰਤੀ ਨੌਜਵਾਨਾਂ ਵੱਲੋਂ ਇਟਾਲੀਅਨ ਕੁੜੀਆਂ ਨਾਲ ਕੀਤੀ ਛੇੜਛਾੜ ਕੋਈ ਪਹਿਲਾ ਕੇਸ ਨਹੀਂ ਹੈ ਇਸ ਤੋਂ ਪਹਿਲਾਂ ਵੀ ਅਜਿਹੀਆਂ ਘਟਨਾਵਾਂ ਘੱਟ ਚੁੱਕੀਆਂ ਹਨ ਕੁਝ ਕੇਸਾਂ ਵਿੱਚ ਤਾਂ ਭਾਰਤੀ ਨੌਜਵਾਨ ਜੁਰਮਾਨਾਂ ਭੁਗਤਣ ਦੇ ਨਾਲ-ਨਾਲ ਜੇਲ ਦੀ ਹਵਾ ਵੀ ਫੱਕ ਚੁੱਕੇ ਹਨ।